Noida ’ਚ ਡੇਕੇਅਰ ਅਤੇ ਅਟੈਂਡੈਂਟ ਖਿਲਾਫ਼ ਮਾਮਲਾ ਹੋਇਆ ਦਰਜ
15 ਮਹੀਨਿਆਂ ਦੀ ਬੱਚੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਹੈ ਮਾਮਲਾ
Noida News : ਨੋਇਡਾ ਦੇ ਸੈਕਟਰ 137 ਸਥਿਤ ਇਕ ਡੇਕੇਅਰ ’ਚ ਮਾਂ ਵੱਲੋਂ ਛੱਡੀ ਗਈ 15 ਮਹੀਨਿਆਂ ਦੀ ਬੱਚੀ ਦੇ ਨਾਲ ਅਟੈਂਡੈਂਟ ਵੱਲੋਂ ਕੁੱਟਮਾਰ ਕੀਤੀ ਗਈ। ਅਟੈਂਡੈਂਟ ਵੱਲੋਂ ਬੱਚੀ ਨੂੰ ਜ਼ਮੀਨ ’ਤੇ ਪਟਕਿਆ ਗਿਆ ਅਤੇ ਵਾਰ-ਵਾਰ ਬੱਚੀ ਨੂੰ ਥੱਪੜ ਮਾਰੇ ਗਏ। ਦਰਦ ਨਾਲ ਚੀਕ ਰਹੀ ਬੱਚੀ ਦੇ ਪੱਟਾਂ ’ਤੇ ਅਟੈਂਡੈਂਟ ਵੱਲੋਂ ਦੰਦੀਆਂ ਵੀ ਵੱਢੀਆਂ ਗਈਆਂ। ਇਸ ਮਾਮਲੇ ’ਚ ਡੇਕੇਅਰ ਮਾਲਿਕ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ, ਜੋ ਕਥਿਤ ਤੌਰ ’ਤੇ ਇਹ ਸਭ ਕੁੱਝ ਦੇਖਦਾ ਰਿਹਾ ਅਤੇ ਉਸ ਵੱਲੋਂ ਅਟੈਂਡੈਂਟ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।
ਇਸ ਮਾਮਲੇ ’ਚ ਬੱਚੀ ਦੀ ਮਾਂ ਵੱਲੋਂ ਬੀਤੇ ਵੀਰਵਾਰ ਨੂੰ ਸੈਕਟਰ 142 ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਨੇ ਆਰੋਪੀਆਂ ਦੀ ਪਹਿਚਾਣ ਡੇਕੇਅਰ ਦੀ ਮਾਲਕਣ ਚਾਰੂ ਅਤੇ ਅਟੈਂਡੈਂਟ ਸੋਨਾਲੀ ਦੇ ਰੂਪ ’ਚ ਕੀਤੀ। ਉਨ੍ਹਾਂ ਦੱਸਿਆ ਕਿ ਬੱਚੀ ਮਈ ਤੋਂ ਰੋਜ਼ਾਨਾ ਦੋ ਘੰਟੇ ਡੇਕੇਅਰ ’ਚ ਜਾ ਰਹੀ ਸੀ। ਬੀਤੇ ਸੋਮਵਾਰ ਨੂੰ ਜਦੋਂ ਮੋਨਿਕਾ ਆਪਣੀ ਬੇਟੀ ਨੂੰ ਲੈਣ ਆਈ ਤਾਂ ਉਸ ਨੇ ਦੇਖਿਆ ਕਿ ਉਹ ਪ੍ਰੇਸ਼ਾਨ ਸੀ ਅਤੇ ਘਰ ਜਾ ਕੇ ਉਸ ਨੇ ਆਪਣੀ ਮਾਂ ਨੂੰ ਪੱਟਾਂ ’ਤੇ ਦੰਦੀਆਂ ਵੱਢਣ ਦੇ ਨਿਸ਼ਾਨ ਦਿਖਾਏ।
ਜਦੋਂ ਡਾਕਟਰ ਨੇ ਪੁਸ਼ਟੀ ਕੀਤੀ ਕਿ ਇਹ ਅਸਲ ’ਚ ਮਨੁੱਖੀ ਦੰਦਾਂ ਦੇ ਨਿਸ਼ਾਨ ਹੀ ਹਨ ਤਾਂ ਬੱਚੀ ਦੀ ਮਾਂ ਡੇਕੇਅਰ ਕੋਲ ਪਹੁੰਚੀ ਅਤੇ ਉਸ ਨੇ ਸੀਸੀਟੀਵੀ ਫੁਟੇਜ਼ ਦਿਖਾਉਣ ਦੀ ਮੰਗ ਕੀਤੀ। ਫੁਟੇਜ ’ਚ ਇਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ। ਸੀਸੀਟੀਵੀ ’ਚ ਸੋਨਾਲੀ ਬੱਚੀ ਨੂੰ ਥੱਪੜ ਮਾਰਦੀ, ਜ਼ਮੀਨ ’ਤੇ ਪਟਕਦੀ, ਪਲਾਸਟਿਕ ਦੇ ਬੈਟ ਨਾਲ ਮਾਰਦੀ ਹੈ ਅਤੇ ਉਸ ਨੂੰ ਮੂੰਹ ਨਾਲ ਕੱਟਦੀ ਹੋਈ ਵੀ ਨਜ਼ਰ ਆਉਂਦੀ ਹੈ। ਜਿਸ ਤੋਂ ਬਾਅਦ ਮੋਨਿਕਾ ਨੇ ਡੇਕੇਅਰ ਦੀ ਮਾਲਕਣ ਚਾਰੂ ਨਾਲ ਇਸ ਸਬੰਧ ’ਚ ਗੱਲ ਕੀਤੀ, ਤਾਂ ਸੋਨਾਲੀ ਅਤੇ ਚਾਰੂ ਨੇ ਬੱਚੀ ਦੀ ਮਾਂ ਨਾਲ ਵੀ ਬਦਸਲੂਕੀ ਕੀਤੀ ਅਤੇ ਧਮਕੀਆਂ ਦਿੱਤੀਆਂ।