ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਕੀਤੀ ਗੱਲਬਾਤ
ਸੰਘਰਸ਼ ਦੇ ਜਲਦੀ ਹੱਲ ਦੀ ਲੋੜ ਉਤੇ ਜ਼ੋਰ ਦਿਤਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੂੰ ਕਿਹਾ ਕਿ ਭਾਰਤ ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਹਰ ਸੰਭਵ ਯੋਗਦਾਨ ਦੇਣ ਲਈ ਵਚਨਬੱਧ ਹੈ।
ਦੋਹਾਂ ਨੇਤਾਵਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਵਿਚਾਲੇ ਟਕਰਾਅ ਉਤੇ ਸਿਖਰ ਬੈਠਕ ਤੋਂ ਪਹਿਲਾਂ ਫੋਨ ਉਤੇ ਗੱਲਬਾਤ ਕੀਤੀ।
ਮੋਦੀ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ’ਚ ਕਿਹਾ ਕਿ ਉਨ੍ਹਾਂ ਨੇ ਸੰਘਰਸ਼ ਦੇ ਜਲਦੀ ਅਤੇ ਸ਼ਾਂਤੀਪੂਰਨ ਹੱਲ ਦੀ ਜ਼ਰੂਰਤ ਉਤੇ ਭਾਰਤ ਦੇ ਸਥਿਰ ਰੁਖ ਤੋਂ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਨੇ ਕਿਹਾ, ‘‘ਰਾਸ਼ਟਰਪਤੀ ਜ਼ੇਲੈਂਸਕੀ ਨਾਲ ਗੱਲ ਕਰਨ ਅਤੇ ਹਾਲ ਹੀ ਦੇ ਘਟਨਾਕ੍ਰਮ ਉਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਸੁਣਨ ਲਈ ਖੁਸ਼ ਹਾਂ। ਮੈਂ ਸੰਘਰਸ਼ ਦੇ ਜਲਦੀ ਅਤੇ ਸ਼ਾਂਤੀਪੂਰਨ ਹੱਲ ਦੀ ਜ਼ਰੂਰਤ ਉਤੇ ਭਾਰਤ ਦੇ ਸਥਿਰ ਰੁਖ ਤੋਂ ਜਾਣੂ ਕਰਵਾਇਆ।’’
ਉਨ੍ਹਾਂ ਕਿਹਾ ਕਿ ਭਾਰਤ ਇਸ ਸਬੰਧ ’ਚ ਹਰ ਸੰਭਵ ਯੋਗਦਾਨ ਦੇਣ ਦੇ ਨਾਲ-ਨਾਲ ਯੂਕਰੇਨ ਨਾਲ ਦੁਵਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਮੋਦੀ ਨਾਲ ਸਾਰੇ ਮਹੱਤਵਪੂਰਨ ਮੁੱਦਿਆਂ ਉਤੇ ਵਿਸਥਾਰ ਨਾਲ ਚਰਚਾ ਕੀਤੀ, ਜਿਸ ’ਚ ਦੋ-ਪੱਖੀ ਸਹਿਯੋਗ ਅਤੇ ਸਮੁੱਚੀ ਕੂਟਨੀਤਕ ਸਥਿਤੀ ਸ਼ਾਮਲ ਹੈ। ਉਨ੍ਹਾਂ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਡੇ ਲੋਕਾਂ ਦਾ ਸਮਰਥਨ ਕੀਤਾ।’’ ਜ਼ੇਲੈਂਸਕੀ ਨੇ ਇਹ ਵੀ ਨੋਟ ਕੀਤਾ ਕਿ ‘ਰੂਸੀ ਊਰਜਾ, ਖਾਸ ਕਰ ਕੇ ਤੇਲ ਦੇ ਨਿਰਯਾਤ ਨੂੰ ਸੀਮਤ ਕਰਨਾ’ ਜ਼ਰੂਰੀ ਹੈ।
ਜ਼ੇਲੈਂਸਕੀ ਨੇ ਕਿਹਾ, ‘‘ਇਹ ਮਹੱਤਵਪੂਰਨ ਹੈ ਕਿ ਭਾਰਤ ਸਾਡੇ ਸ਼ਾਂਤੀ ਯਤਨਾਂ ਦਾ ਸਮਰਥਨ ਕਰ ਰਿਹਾ ਹੈ ਅਤੇ ਇਸ ਸਥਿਤੀ ਨੂੰ ਸਾਂਝਾ ਕਰਦਾ ਹੈ ਕਿ ਯੂਕਰੇਨ ਨਾਲ ਸਬੰਧਤ ਹਰ ਚੀਜ਼ ਦਾ ਫੈਸਲਾ ਯੂਕਰੇਨ ਦੀ ਭਾਗੀਦਾਰੀ ਨਾਲ ਕੀਤਾ ਜਾਣਾ ਚਾਹੀਦਾ ਹੈ। ਹੋਰ ਸਰੂਪ ਨਤੀਜੇ ਨਹੀਂ ਦੇਣਗੇ।’’
ਉਨ੍ਹਾਂ ਕਿਹਾ, ‘‘ਅਸੀਂ ਰੂਸ ਵਿਰੁਧ ਪਾਬੰਦੀਆਂ ਉਤੇ ਵੀ ਵਿਸਥਾਰ ਨਾਲ ਚਰਚਾ ਕੀਤੀ। ਮੈਂ ਨੋਟ ਕੀਤਾ ਕਿ ਰੂਸੀ ਊਰਜਾ, ਖਾਸ ਕਰ ਕੇ ਤੇਲ ਦੇ ਨਿਰਯਾਤ ਨੂੰ ਸੀਮਤ ਕਰਨਾ ਜ਼ਰੂਰੀ ਹੈ, ਤਾਂ ਜੋ ਇਸ ਦੀ ਸਮਰੱਥਾ ਅਤੇ ਇਸ ਜੰਗ ਨੂੰ ਜਾਰੀ ਰੱਖਣ ਲਈ ਵਿੱਤ ਦੇਣ ਦੀ ਸਮਰੱਥਾ ਨੂੰ ਘਟਾਇਆ ਜਾ ਸਕੇ।’’ ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਰੂਸ ਉਤੇ ਠੋਸ ਪ੍ਰਭਾਵ ਰੱਖਣ ਵਾਲਾ ਹਰ ਨੇਤਾ ਮਾਸਕੋ ਨੂੰ ਸੰਕੇਤ ਭੇਜੇ।