ਪਛਮੀ ਬੰਗਾਲ : ਘੱਟ ਗਿਣਤੀ ਪੇਸ਼ੇਵਰਾਂ ਲਈ ਪੀ.ਜੀ. ਦਾਖਲਾ ਇਮਤਿਹਾਨ 24 ਅਗੱਸਤ ਨੂੰ
ਸਿੱਖ ਉਮੀਦਵਾਰਾਂ ਉਤੇ ਧਿਆਨ ਕੇਂਦਰਿਤ ਰਹੇਗਾ
ਕੋਲਕਾਤਾ : ਘੱਟਗਿਣਤੀ ਪੇਸ਼ੇਵਰ ਅਕਾਦਮਿਕ ਇੰਸਟੀਚਿਊਟਸ ਐਸੋਸੀਏਸ਼ਨ (ਏ.ਐਮ.ਪੀ.ਏ.ਆਈ.) ਨੇ ਐਲਾਨ ਕੀਤਾ ਹੈ ਕਿ ਪੋਸਟ ਗ੍ਰੈਜੂਏਟ ਕੋਰਸਾਂ ਲਈ 2025 ਦੀ ਦਾਖਲਾ ਇਮਤਿਹਾਨ 24 ਅਗੱਸਤ ਨੂੰ ਪਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਤ੍ਰਿਪੁਰਾ ਦੇ 10 ਕੇਂਦਰਾਂ ਉਤੇ ਹੋਵੇਗੀ।
ਇਹ ਇਮਤਿਹਾਨ ਪਛਮੀ ਬੰਗਾਲ ਦੇ ਪੰਜ ਏ.ਐਮ.ਪੀ.ਏ.ਆਈ. ਨਾਲ ਜੁੜੇ ਕਾਲਜਾਂ ਵਿਚ ਦੋ ਸਾਲ ਦੇ ਰੈਗੂਲਰ ਐਮ.ਟੈਕ., ਐਮਫਾਰਮ, ਐਮ.ਬੀ.ਏ. ਅਤੇ ਐਮ.ਸੀ.ਏ. ਪ੍ਰੋਗਰਾਮਾਂ ਵਿਚ ਦਾਖਲਾ ਲੈਣ ਦੇ ਯੋਗ ਬਣਾਉਂਦੀ ਹੈ।
ਏ.ਐਮ.ਪੀ.ਏ.ਆਈ. ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸੀ.ਈ.ਈ.-ਏ.ਐਮ.ਪੀ.ਏ.ਆਈ.-2025-ਡਬਲਯੂਬੀ (ਕਾਮਨ ਐਂਟਰੈਂਸ ਐਗਜ਼ਾਮੀਨੇਸ਼ਨ-ਐਸੋਸੀਏਸ਼ਨ ਆਫ ਮਾਈਨੋਰਿਟੀ ਪ੍ਰੋਫੈਸ਼ਨਲ ਅਕਾਦਮਿਕ ਸੰਸਥਾਵਾਂ ਮਾਸਟਰਜ਼ ਪਛਮੀ ਬੰਗਾਲ) ਇਕ ਰਾਜ ਮਾਨਤਾ ਪ੍ਰਾਪਤ ਇਮਤਿਹਾਨ ਹੈ ਜੋ ਪਛਮੀ ਬੰਗਾਲ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਦੀ ਨਿਗਰਾਨੀ ਹੇਠ ਕੀਤੀ ਜਾਂਦੀ ਹੈ। ਇਹ ਇਮਤਿਹਾਨ ਆਸਨਸੋਲ, ਜਮਸ਼ੇਦਪੁਰ, ਪਟਨਾ, ਅਗਰਤਲਾ, ਸਿਲੀਗੁੜੀ, ਕਲਿਆਣੀ ਅਤੇ ਕੋਲਕਾਤਾ ਵਿਚ ਹੋਵੇਗੀ। ਕੋਲਕਾਤਾ ’ਚ ਇਹ ਇਮਤਿਹਾਨ ਚਾਰ ਕੇਂਦਰਾਂ ’ਚ ਹੋਵੇਗੀ।
ਸੀ.ਈ.ਈ.-ਏ.ਐਮ.ਪੀ.ਆਈ. ਦੇ ਸਕੱਤਰ ਸਰਦਾਰ ਸੋਹਣ ਸਿੰਘ ਨੇ ਕਿਹਾ, ‘‘ਸਿੱਖ ਘੱਟ ਗਿਣਤੀ ਉਮੀਦਵਾਰਾਂ ਨੂੰ ਤਰਜੀਹ ਦਿਤੀ ਜਾਂਦੀ ਹੈ, ਬਾਕੀ ਸੀਟਾਂ ਯੋਗਤਾ ਦੇ ਆਧਾਰ ਉਤੇ ਪੂਰੇ ਭਾਰਤ ਵਿਚ ਕਿਸੇ ਵੀ ਧਰਮ, ਜਾਤ ਜਾਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਖੋਲ੍ਹੀਆਂ ਜਾਣਗੀਆਂ।’’
ਉਨ੍ਹਾਂ ਕਿਹਾ, ‘‘ਸਾਡਾ ਮਿਸ਼ਨ ਇਹ ਯਕੀਨੀ ਬਣਾਉਣਾ ਹੈ ਕਿ ਘੱਟ ਗਿਣਤੀ ਭਾਈਚਾਰਿਆਂ ਅਤੇ ਇਸ ਤੋਂ ਅੱਗੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਤਕਨੀਕੀ ਸਿੱਖਿਆ ਤਕ ਬਰਾਬਰ ਪਹੁੰਚ ਮਿਲੇ।’’