ਪੰਜਾਬ ਅਤੇ ਹਰਿਆਣਾ ਵਿਚ ਬੰਦ ਮੁਕੰਮਲ ਨੇੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਲ ਇੰਡੀਆ ਕਾਂਗਰਸ ਸਮੇਤ 21 ਹੋਰ ਰਾਜਨੀਤਕ ਪਾਰਟੀਆਂ ਵਲੋਂ ਦਿਤੇ ਬੰਦ ਦੇ ਸੱਦੇ ਨੂੰ ਪੰਜਾਬ ਵਿਚ ਭਰਵਾਂ ਹੁੰਗਾਰਾ ਮਿਲਿਆ। ਬੰਦ ਕਾਰਨ ਬਹੁਤੇ ਥਾਈਂ ਜਨਜੀਵਨ ਪ੍ਰਭਾਵਤ ਹੋਇਆ

Bharat band

ਚੰਡੀਗੜ੍ਹ, 10 ਸਤੰਬਰ (ਸਸਸ): ਆਲ ਇੰਡੀਆ ਕਾਂਗਰਸ ਸਮੇਤ 21 ਹੋਰ ਰਾਜਨੀਤਕ ਪਾਰਟੀਆਂ ਵਲੋਂ ਦਿਤੇ ਬੰਦ ਦੇ ਸੱਦੇ ਨੂੰ ਪੰਜਾਬ ਵਿਚ ਭਰਵਾਂ ਹੁੰਗਾਰਾ ਮਿਲਿਆ। ਬੰਦ ਕਾਰਨ ਬਹੁਤੇ ਥਾਈਂ ਜਨਜੀਵਨ ਪ੍ਰਭਾਵਤ ਹੋਇਆ। ਰਾਜ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ ਹਨ ਪਰ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ ਹੈ। ਅੱਜ ਬੰਦ ਸਮੇਂ ਸਾਰੇ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਆਏ ਉਛਾਲ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਗਿਆ। ਡੀਜ਼ਲ ਤੇ ਪਟਰੌਲ ਕਾਰਨ ਆਮ ਲੋਕਾਂ ਦਾ ਬਜਟ ਹਿਲ ਕੇ ਰਹਿ ਗਿਆ। ਇਸ ਕਰ ਕੇ ਲੋਕਾਂ ਨੂੰ ਰੋਸ ਵਿਖਾਵਾ ਕਰ ਕੇ ਅਪਣੇ ਮਨ ਦਾ ਗੁਬਾਰ ਕਢਿਆ। 


ਇਕ ਅਹਿਮ ਜਾਣਕਾਰੀ ਅਨੁਸਾਰ ਦਿੱਲੀ ਵਿਚ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਆਲ ਇੰਡੀਆ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਮੌਜੂਦਾ ਪ੍ਰਧਾਨ ਰਾਹੁਲ ਗਾਂਧੀ ਨੇ ਕੀਤੀ ਹੈ। ਦਿੱਲੀ ਵਿਚ ਵੀ ਬੰਦ ਨੂੰ ਭਰਵਾਂ ਹੁੰਗਾਰਾ ਮਿਲਣ ਦੀਆਂ ਖ਼ਬਰਾਂ ਹਨ।ਵੱਖ-ਵੱਖ ਥਾਵਾਂ ਤੋਂ ਪੁਜੀਆਂ ਰੀਪੋਰਟਾਂ ਅਨੁਸਾਰ ਬੰਦ ਕਾਰਨ ਬੱਸ ਸੇਵਾ ਵੀ ਪ੍ਰਭਾਵਤ ਹੋਈ ਹੈ। ਪ੍ਰਕਾਸ਼ ਪੁਰਬ ਦੀ ਛੁੱਟੀ ਹੋਣ ਕਾਰਨ ਮੁਲਾਜ਼ਮ ਘਰੀ ਡੱਕੇ ਰਹੇ ਅਤੇ ਕਿਸੇ ਤਰ੍ਹਾਂ ਦੀ ਔਖ ਨਹੀਂ ਆਈ ਹੈ। ਪੰਜਾਬ ਪੁਲਿਸ ਵਲੋਂ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਥਾਂ ਥਾਂ 'ਤੇ ਪੁਲਿਸ ਤੈਨਾਤ ਕੀਤੀ ਗਈ ਸੀ।

ਚੰਡੀਗੜ੍ਹ ਵਿਚ ਹਰਿਆਣਾ ਕਾਂਗਰਸ ਦੇ ਵਿਧਾਇਕਾਂ ਨੇ ਰੋਸ ਪ੍ਰਦਰਸ਼ਨ ਦਾ ਵਖਰਾ ਤੇ ਰੌਚਕ ਢੰਗ ਅਪਣਾਇਆ। ਉਹ ਵਿਧਾਨ ਸਭਾ ਵਿਚ ਰੇਹੜੇ 'ਤੇ ਸਵਾਰ ਹੋ ਕੇ ਗਏ। ਇਸ ਤਰ੍ਹਾਂ ਉਨ੍ਹਾਂ ਨੇ ਤੇਲ ਦੀ ਬੱਚਤ ਦਾ ਸੱਦਾ ਦਿਤਾ। ਪੰਜਾਬ ਅਤੇ ਹਰਿਆਣਾ ਤੋਂ ਮਿਲੀਆਂ ਰੀਪੋਰਟਾਂ ਅਨੁਸਾਰ ਵੱਖ ਵੱਖ ਥਾਈਂ ਭਾਜਪਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਪੁਤਲੇ ਫੂਕੇ ਗਏ।ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਵੱਧ ਰਹੀਆਂ ਕੀਮਤਾਂ ਕਾਰਨ ਪਟਰੌਲ ਦਾ ਭਾਅ 90 ਪ੍ਰਤੀ ਲੀਟਰ ਪੁੱਜ ਗਿਆ ਹੈ। 


ਪਟਰੌਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ਵਿਚ ਕਾਂਗਰਸ 'ਭਾਰਤ ਬੰਦ' ਤਹਿਤ ਕਾਂਗਰਸੀ ਵਰਕਰਾਂ ਨੇ ਅੱਜ ਹਰਿਆਣਾ ਵਿਚ ਪ੍ਰਦਰਸ਼ਨ ਕੀਤਾ। ਅਧਿਕਾਰੀਆਂ ਨੇ ਦਸਿਆ ਕਿ ਹਰਿਆਣਾ ਵਿਚ ਕਿਸੀ ਥਾਂ 'ਤੇ ਅਣਸੁਖਾਵੀ ਘਟਨਾ ਦੀ ਰੀਪੋਰਟ ਨਹੀਂ ਮਿਲੀ ਕਿਉਂਕਿ ਕਾਨੂੰਨ ਵਿਵਸਥਾ ਬਣਾਏ ਰਖਣ ਲਈ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ।


ਹਰਿਆਣਾ ਵਿਚ ਸਵੇਰੇ ਕੁੱਝ ਥਾਵਾਂ 'ਤੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੇ ਅਪਣੀਆਂ ਦੁਕਾਨਾਂ ਬੰਦ ਰੱਖੀਆਂ। ਹਾਲਾਂਕਿ ਸਥਾਨਕ ਨੇਤਾਵਾਂ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਨੇ ਹੋਰ ਦੁਕਾਨਦਾਰਾਂ ਨਾਲ ਵੀ ਪਾਰਟੀ ਦੇ ਦੇਸ਼ ਵਿਆਪੀ ਬੰਦ ਦੇ ਸਮਰਥਨ ਵਿਚ ਅਪਣੀਆਂ ਦੁਕਾਨਾਂ ਬੰਦ ਰੱਖਣ ਲਈ ਕਿਹਾ।