ਨਵੀਂ ਸਿਖਿਆ ਨੀਤੀ 'ਚ ਵਿਦਿਆਰਥੀਆਂ ਨੂੰ ਵਿਸ਼ਾ ਚੁਣਨ ਦੀ ਆਜ਼ਾਦੀ, ਵੱਡਾ ਸੁਧਾਰ : ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੀਆਂ ਉਮੀਦਾਂ ਤੇ ਜ਼ਰੂਰਤਾਂ ਦੀ ਪੂਰਤੀ ਦਾ ਮਾਧਿਅਮ ਹੈ ਨਵੀਂ ਸਿਖਿਆ ਨੀਤੀ

image

ਨਵੀਂ ਦਿੱਲੀ, 11 ਸਤੰਬਰ : 2020 ਦੇ ਅਧੀਨ '21ਵੀਂ ਸਦੀ 'ਚ ਸਕੂਲੀ ਸਿਖਿਆ' ਵਿਸ਼ੇ 'ਤੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਰਾਸ਼ਟਰੀ ਸਿਖਿਆ ਨੀਤੀ ਬਾਰੇ ਬੋਲਦਿਆਂ  ਕਿਹਾ ਹੈ ਕਿ ਭਾਰਤ ਦੀ, ਨਵੀਆਂ ਉਮੀਦਾਂ ਅਤੇ ਨਵੀਆਂ ਜ਼ਰੂਰਤਾਂ ਦੀ ਪੂਰਤੀ ਦਾ ਮਾਧਿਅਮ ਹੈ ਅਤੇ ਇਹ 21ਵੀਂ ਸਦੀ ਦੇ ਭਾਰਤ ਨੂੰ ਨਵੀਂ ਦਿਸ਼ਾ ਦੇਣ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਇਕ ਅਜਿਹੇ ਪਲ ਦਾ ਹਿੱਸਾ ਬਣ ਰਹੇ ਹਾਂ, ਜੋ ਸਾਡੇ ਦੇਸ਼ ਦੇ ਭਵਿੱਖ ਦੇ ਨਿਰਮਾਣ ਦੀ ਨੀਂਹ ਰੱਖ ਰਹੇ ਹਨ, ਜਿਸ 'ਚ ਨਵੇਂ ਯੁੱਗ ਦੇ ਨਿਰਮਾਣ ਦੇ ਬੀਜ ਪਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿਖਿਆ ਨੀਤੀ (ਐਨ.ਈ.ਪੀ.) ਦਾ ਐਲਾਨ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਮਨ 'ਚ ਕਈ ਸਵਾਲ ਖੜੇ ਹੋ ਰਹੇ ਹਨ। ਕੀ ਇਹ ਸਿਖਿਆ ਨੀਤੀ ਕੀ ਹੈ? ਇਹ ਕਿਵੇਂ ਵੱਖ ਹੈ? ਇਸ ਨਾਲ ਸਕੂਲ ਅਤੇ ਕਾਲਜਾਂ 'ਚ ਕੀ ਤਬਦੀਲੀ ਆਏਗੀ ?

image


ਉਨ੍ਹਾਂ ਕਿਹਾ ਕਿ ਐਨ.ਈ.ਪੀ. 'ਚ ਵਿਦਿਆਰਥੀਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ, ਇਸ 'ਚ ਪੜਤਾਲ, ਗਤੀਵਿਧੀਆਂ ਅਤੇ ਮਨੋਰੰਜਕ ਤਰੀਕਿਆਂ ਨਾਲ ਸਿੱਖਣ 'ਤੇ ਜ਼ੋਰ ਦਿਤਾ ਗਿਆ। ਮੋਦੀ ਨੇ ਕਿਹਾ ਕਿ ਪਿਛਲੇ 3 ਦਹਾਕਿਆਂ 'ਚ ਦੁਨੀਆ ਦਾ ਹਰ ਖੇਤਰ ਬਦਲ ਗਿਆ, ਹਰ ਵਿਵਸਥਾ ਬਦਲ ਗਈ ਪਰ ਸਾਡੀ ਸਿਖਿਆ ਵਿਵਸਥਾ ਪੁਰਾਣੇ ਤੌਰ ਤਰੀਕਿਆਂ ਨਾਲੇ ਹੀ ਚੱਲ ਰਹੀ ਸੀ। ਜਿਸ 'ਚ ਨਵੀਨਤਾ ਲਿਆਉਣੀ ਜ਼ਰੂਰੀ ਸੀ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੀ ਮੁਹਿੰਮ 'ਚ ਪ੍ਰਿੰਸੀਪਲ, ਅਧਿਆਪਕ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।


 ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸਿੱਖਿਆ ਮੰਤਰਾਲੇ ਨੇ 'ਮਾਏਗੋਵ' ਪੋਰਟਲ 'ਤੇ ਨਵੀਂ ਸਿਖਿਆ ਨੀਤੀ ਬਾਰੇ ਦੇਸ਼ ਭਰ 'ਚ ਅਧਿਆਪਕਾਂ ਤੋਂ ਸੁਝਾਅ ਮੰਗੇ ਸਨ, 'ਤੇ ਇਕ ਹਫ਼ਤੇ ਅੰਦਰ ਹੀ 15 ਲੱਖ ਤੋਂ ਵੱਧ ਸੁਝਾਅ ਮਿਲੇ ਹਨ।  ਹੁਣ ਤੱਕ ਸਾਡੇ ਦੇਸ਼ 'ਚ ਅੰਕ ਅਤੇ ਅੰਕ ਪੱਤਰ ਆਧਾਰਤ ਸਿੱਖਿਆ ਵਿਵਸਥਾ ਹਾਵੀ ਸੀ ਪਰ ਹੁਣ ਸਾਨੂੰ ਸਿੱਖਿਆ 'ਚ ਆਸਾਨ, ਨਵੇਂ-ਨਵੇਂ ਤੌਰ-ਤਰੀਕਿਆਂ ਨੂੰ ਵਧਾਉਣਾ ਹੋਵੇਗਾ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚਿਆਂ ਲਈ ਨਵੇਂ ਦੌਰ ਦੇ ਅਧਿਐਨ ਦਾ ਮੂਲ ਮੰਤਰ ਹੋਣਾ ਚਾਹੀਦੈ- ਹਿੱਸੇਦਾਰੀ, ਖੋਜ, ਅਨੁਭਵ, ਪ੍ਰਗਟਾਵਾ ਅਤੇ ਉਤਮਤਾ। ਮੋਦੀ ਨੇ ਕਿਹਾ ਕਿ ਸਾਡੇ ਪਹਿਲੇ ਦੀ ਜੋ ਸਿਖਿਆ ਨੀਤੀ ਰਹੀ ਹੈ, ਉਸ ਨੇ ਸਾਡੇ ਵਿਦਿਆਰਥੀਆਂ ਨੂੰ ਬਹੁਤ ਬੰਨ੍ਹ ਵੀ ਦਿਤਾ ਸੀ। ਜੋ ਵਿਦਿਆਰਥੀ ਸਾਇੰਸ ਲੈਂਦਾ ਹੈ, ਉਹ ਆਰਟਸ ਜਾਂ ਕਾਮਰਸ ਨਹੀਂ ਪੜ੍ਹ ਸਕਦਾ ਸੀ। ਆਰਟਸ-ਕਾਮਰਸ ਵਾਲਿਆਂ ਲਈ ਮੰਨ ਲਿਆ ਗਿਆ ਕਿ ਇਹ ਹਿਸਟਰੀ, ਭੂਗੋਲ, ਅਕਾਊਂਟਸ ਇਸ ਲਈ ਪੜ੍ਹ ਰਹੇ ਹਨ, ਕਿਉਂਕਿ ਇਹ ਸਾਇੰਸ ਨਹੀਂ ਪੜ੍ਹ ਸਕਦੇ। ਰਾਸ਼ਟਰੀ ਸਿਖਿਆ ਨੀਤੀ 'ਚ ਵਿਦਿਆਰਥੀਆਂ ਨੂੰ ਕੋਈ ਵੀ ਵਿਸ਼ਾ ਚੁਣਨ ਦੀ ਆਜ਼ਾਦੀ ਦਿਤੀ ਗਈ ਹੈ।


ਇਹ ਸੱਭ ਤੋਂ ਵੱਡੇ ਸੁਧਾਰਾਂ 'ਚੋਂ ਇਕ ਹੈ। ਹੁਣ ਸਾਡੇ ਨੌਜਵਾਨ ਨੂੰ ਵਿਗਿਆਨ, ਕਲਾ ਜਾਂ ਕਾਮਰਸ ਦੇ ਕਿਸੇ ਇਕ ਬ੍ਰੇਕੈਟ 'ਚ ਹੀ ਫਿਟ ਹੋਣ ਦੀ ਜ਼ਰੂਰਤ ਨਹੀਂ ਹੈ। ਦੇਸ਼ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੁਣ ਪੂਰਾ ਮੌਕਾ ਮਿਲੇਗਾ। (ਏਜੰਸੀ)