ਗਾਜ਼ੀਪੁਰ ਬਾਰਡਰ 'ਤੇ ਮੀਂਹ ਦੇ ਪਾਣੀ 'ਚ ਵੀ ਰਾਕੇਸ਼ ਟਿਕੈਤ ਤੇ ਕਿਸਾਨਾਂ ਦੇ ਹੌਸਲੇ ਬੁਲੰਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰੀ ਮੀਂਹ ਅਤੇ ਪਾਣੀ ਭਰਨ ਕਾਰਨ ਅੱਜ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। 

Rakesh Tikait

ਨਵੀਂ ਦਿੱਲੀ - ਪਿਛਲੇ 9 ਮਹੀਨਿਆਂ ਤੋਂ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਕਿਸਾਨਾਂ ਨੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਉਹਨਾਂ ਨੇ ਗਰਮੀ-ਸਰਦੀ ਬਾਰਿਸ਼ ਸਾਰੀਆਂ ਮੁਸੀਬਤਾਂ ਟਾਕਰਾ ਕੀਤਾ ਤੇ ਹੁਣ ਇਕ ਵਾਰ ਫਿਰ ਬਾਰਿਸ਼ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਅੱਜ ਦਿੱਲੀ ਵਿਚ ਹੋਈ ਬਾਰੀ ਬਾਰਿਸ਼ ਕਰ ਕੇ ਦਿੱਲੀ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ।

ਇਸ ਦੌਰਾਨ ਦਿੱਲੀ-ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਬਾਰਡਰ 'ਤੇ ਵੀ ਪਾਣੀ ਭਰਿਆ ਹੋਇਆ ਹੈ ਤੇ ਇਸ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ। ਇੱਥੇ ਭਾਰੀ ਮੀਂਹ ਦੇ ਵਿਚਕਾਰ ਵੀ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਗੋਡੇ-ਗੋਡੇ ਪਾਣੀ ਦੇ ਵਿਚਕਾਰ ਵੀ ਕਿਸਾਨ ਧਰਨੇ ‘ਤੇ ਡਟੇ ਹੋਏ ਹਨ। ਲੋਕ ਸੋਸ਼ਲ ਮੀਡੀਆ ‘ਤੇ ਗਾਜ਼ੀਪੁਰ ਸਰਹੱਦ ਤੋਂ ਆਈਆਂ ਤਸਵੀਰਾਂ ਨੂੰ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝਾ ਕਰ ਰਹੇ ਹਨ।

ਇੰਨਾਂ ਤਸਵੀਰਾਂ ਵਿੱਚ, ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਆਪਣੇ ਸਾਥੀਆਂ ਨਾਲ ਸੜਕ 'ਤੇ ਖੜ੍ਹ ਪਾਣੀ ਵਿਚ ਬੈਠ ਕੇ ਪ੍ਰਦਰਸ਼ਨ ਕਰਦੇ ਦਿਖਾਈ ਦੋ ਰਹੇ ਹਨ। ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਸਰਹੱਦ ‘ਤੇ ਭਾਰੀ ਬਾਰਿਸ਼ ਕਾਰਨ ਮੋਰਚੇ ਵਾਲੀ ਥਾਂ ‘ਤੇ ਖੜ੍ਹੇ ਪਾਣੀ ‘ਚ ਬੈਠ ਕੇ ਵਿਰੋਧ ਕੀਤਾ। ਇਸ ਦੇ ਨਾਲ ਕਿਸਾਨਾਂ ਨੇ ਮੋਰਚੇ ਦੇ ਸਾਹਮਣੇ ਤੋਂ ਦਿੱਲੀ ਵੱਲ ਜਾਣ ਵਾਲੇ ਨਾਲੇ ਦੀ ਸਫਾਈ ਦੀ ਮੰਗ ਕੀਤੀ ਹੈ

ਪਰ ਅਜੇ ਤੱਕ ਨਾਲਾ ਨਹੀਂ ਖੋਲ੍ਹਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਤਿੰਨੋ ਮੌਸਮ ਗਰਮੀ-ਸਰਦੀ ਤੇ ਬਾਰਿਸ਼ ਦੇਖ ਲਏ ਹਨ। ਹੁਣ ਕਿਸਾਨ ਮੌਸਮ ਤੋਂ ਡਰਨ ਵਾਲੇ ਨਹੀਂ ਹਨ। ਭਾਰੀ ਮੀਂਹ ਅਤੇ ਪਾਣੀ ਭਰਨ ਕਾਰਨ ਅੱਜ ਕਿਸਾਨਾਂ ਦੇ ਟੈਂਟ ਵੀ ਉੱਖੜ ਗਏ ਹਨ ਜਿਸ ਕਰ ਕੇ ਕਾਫ਼ੀ ਨੁਕਸਾਨ ਹੋਇਆ ਹੈ।