ਗੁਜਰਾਤ 'ਚ ਕੈਮੀਕਲ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਇੱਕ ਮਜ਼ਦੂਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

20 ਲੋਕ ਗੰਭੀਰ ਜ਼ਖ਼ਮੀ

A terrible fire broke out in a chemical factory in Gujarat, a worker died

 

ਸੂਰਤ: ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ 20 ਹੋਰ ਝੁਲਸ ਗਏ ਅਤੇ ਤਿੰਨ ਲੋਕ ਲਾਪਤਾ ਹੋ ਗਏ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੂਰਤ ਦੇ ਇੰਚਾਰਜ ਚੀਫ਼ ਫਾਇਰ ਅਫ਼ਸਰ ਬਸੰਤ ਪਾਰਿਖ ਨੇ ਦੱਸਿਆ ਕਿ ਸਚਿਨ ਗੁਜਰਾਤ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ (ਜੀਆਈਡੀਸੀ) ਖੇਤਰ ਵਿੱਚ ਸਥਿਤ ਅਨੁਪਮ ਰਸਾਇਣ ਇੰਡੀਆ ਲਿਮਟਿਡ ਦੀ ਫੈਕਟਰੀ ਵਿੱਚ ਖ਼ਤਰਨਾਕ ਰਸਾਇਣਾਂ ਨਾਲ ਭਰੇ ਇੱਕ ਕੰਟੇਨਰ ਵਿੱਚ ਜ਼ਬਰਦਸਤ ਧਮਾਕਾ ਹੋਣ ਤੋਂ ਬਾਅਦ ਸ਼ਨੀਵਾਰ ਰਾਤ ਕਰੀਬ 10.30 ਵਜੇ ਅੱਗ ਲੱਗ ਗਈ।

ਉਨ੍ਹਾਂ ਦੱਸਿਆ ਕਿ ਅੱਗ ਜਲਦੀ ਹੀ ਫੈਕਟਰੀ ਵਿੱਚ ਫੈਲ ਗਈ, ਜਿਸ ਵਿੱਚ ਇੱਕ ਮਜ਼ਦੂਰ ਦੀ ਸੜ ਕੇ ਮੌਤ ਹੋ ਗਈ। ਸਚਿਨ ਜੀਆਈਡੀਸੀ ਦੇ ਥਾਣੇਦਾਰ ਡੀ.ਵੀ. ਬਲਦਾਨੀਆ ਨੇ ਦੱਸਿਆ ਕਿ ਦੇਰ ਰਾਤ ਲਾਸ਼ ਬਰਾਮਦ ਕਰ ਲਈ ਗਈ। ਅੱਗ ਲੱਗਣ ਕਾਰਨ 20 ਮਜ਼ਦੂਰ ਜ਼ਖ਼ਮੀ ਹੋ ਗਏ। ਜਿਨ੍ਹਾਂ ਦਾ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿੰਨ ਹੋਰ ਮਜ਼ਦੂਰ ਲਾਪਤਾ ਹਨ।

ਪੁਲਿਸ ਅਧਿਕਾਰੀ ਨੇ ਕਿਹਾ, ਲਾਪਤਾ ਮਜ਼ਦੂਰਾਂ ਦਾ ਪਤਾ ਲਗਾਉਣ ਲਈ ਫੈਕਟਰੀ ਵਿੱਚ ਤਲਾਸ਼ੀ ਲਈ ਗਈ। ਪਾਰਿਖ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ 'ਚ ਕਰੀਬ ਦੋ ਘੰਟੇ ਲੱਗੇ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਤੋਂ ਬਾਅਦ ਫੈਕਟਰੀ ਅੰਦਰੋਂ ਇੱਕ ਮਜ਼ਦੂਰ ਦੀ ਸੜੀ ਹੋਈ ਲਾਸ਼ ਮਿਲੀ।