ਸੱਤਿਆਪਾਲ ਮਲਿਕ ਦਾ ਦਾਅਵਾ- ਸੰਕੇਤ ਮਿਲੇ ਸੀ ਕਿ ਕੇਂਦਰ ਖ਼ਿਲਾਫ਼ ਬੋਲਣਾ ਬੰਦ ਕਰੋ, ਉਪ-ਰਾਸ਼ਟਰਪਤੀ ਬਣਾ ਦੇਵਾਂਗੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਲਿਕ ਨੇ ਕਿਹਾ, 'ਕਿਸਾਨ ਅੰਦੋਲਨ... ਮੈਂ ਤਾਂ ਨਹੀਂ ਕਰਨ ਜਾ ਰਿਹਾ ਪਰ ਕਿਸਾਨਾਂ ਨੂੰ ਕਰਨਾ ਪਵੇਗਾ, ਜਿਵੇਂ ਦੇ ਹਾਲਾਤ ਦਿਖਾਈ ਦੇ ਰਹੇ ਹਨ।

Satya Pal Malik



ਨਵੀਂ ਦਿੱਲੀ: ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਕਿਹਾ ਕਿ ਉਹਨਾਂ ਨੂੰ ਸੰਕੇਤ ਦਿੱਤੇ ਗਏ ਸਨ ਕਿ ਜੇਕਰ ਉਹ ਕੇਂਦਰ ਵਿਰੁੱਧ ਬੋਲਣਾ ਬੰਦ ਕਰ ਦਿੰਦੇ ਹਨ ਤਾਂ ਉਹਨਾਂ ਨੂੰ ਉਪ ਰਾਸ਼ਟਰਪਤੀ ਬਣਾਇਆ ਜਾਵੇਗਾ। ਉਹਨਾਂ ਕਿਹਾ, 'ਮੇਰਾ ਇਹ ਕਹਿਣਾ ਸਹੀ ਨਹੀਂ ਹੈ ਪਰ ਮੈਨੂੰ ਪਹਿਲਾਂ ਹੀ ਸੰਕੇਤ ਮਿਲੇ ਸਨ ਕਿ ਜੇਕਰ ਤੁਸੀਂ ਨਹੀਂ ਬੋਲੋਗੇ ਤਾਂ ਤੁਹਾਨੂੰ (ਉਪ ਰਾਸ਼ਟਰਪਤੀ) ਬਣਾ ਦੇਵਾਂਗੇ, ਪਰ ਮੈਂ ਅਜਿਹਾ ਨਹੀਂ ਕਰ ਸਕਦਾ। ਮੈਂ ਜੋ ਮਹਿਸੂਸ ਕਰਦਾ ਹਾਂ। ਯਕੀਨੀ ਤੌਰ 'ਤੇ ਉਹੀ ਬੋਲਦਾ ਹਾਂ।'

ਰਾਹੁਲ ਗਾਂਧੀ ਦੇ ਦੌਰੇ ਬਾਰੇ ਪੁੱਛੇ ਜਾਣ 'ਤੇ ਮਲਿਕ ਨੇ ਕਿਹਾ, ''ਆਪਣੀ ਪਾਰਟੀ ਲਈ ਕੰਮ ਕਰਨਾ ਚੰਗੀ ਗੱਲ ਹੈ। ਯਾਤਰਾ ਬਾਰੇ ਕੀ ਸੁਨੇਹਾ ਹੋਵੇਗਾ... ਮੈਨੂੰ ਨਹੀਂ ਪਤਾ। ਇਹ ਜਨਤਾ ਨੇ ਦੱਸਣਾ ਹੈ ਕਿ ਸੰਦੇਸ਼ ਕੀ ਸੀ ਪਰ ਮੈਨੂੰ ਲੱਗਿਆ ਕਿ ਉਹ ਵਧੀਆ ਕੰਮ ਕਰ ਰਹੇ ਹਨ”।

ਕਿਸਾਨ ਅੰਦੋਲਨ ਦੇ ਮੁੜ ਸ਼ੁਰੂ ਹੋਣ ਦੀ ਸੰਭਾਵਨਾ 'ਤੇ ਮਲਿਕ ਨੇ ਕਿਹਾ, 'ਕਿਸਾਨ ਅੰਦੋਲਨ... ਮੈਂ ਤਾਂ ਨਹੀਂ ਕਰਨ ਜਾ ਰਿਹਾ ਪਰ ਕਿਸਾਨਾਂ ਨੂੰ ਕਰਨਾ ਪਵੇਗਾ, ਜਿਵੇਂ ਦੇ ਹਾਲਾਤ ਦਿਖਾਈ ਦੇ ਰਹੇ ਹਨ। ਜੇਕਰ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੀ ਗੱਲ ਨਹੀਂ ਮੰਨਦੀ ਤਾਂ ਸੰਘਰਸ਼ ਕੀਤਾ ਜਾਵੇਗਾ’। ਸਰਕਾਰ ਵੱਲੋਂ ਮੰਗ ਮੰਨੇ ਜਾਣ ਦੀ ਸੰਭਾਵਨਾ ਬਾਰੇ ਉਹਨਾਂ ਕਿਹਾ ਕਿ ਫਿਲਹਾਲ ਇਸ ਦੇ ਆਸਾਰ ਬਹੁਤ ਘੱਟ ਹਨ। ਦਿੱਲੀ ਵਿਚ ਰਾਜਪਥ ਦਾ ਨਾਂ ਬਦਲ ਕੇ ‘ਕਰਤੱਵਿਆ ਮਾਰਗ' ਕਰਨ 'ਤੇ ਉਹਨਾਂ ਕਿਹਾ ਕਿ ਇਸ ਦੀ ਕੋਈ ਲੋੜ ਨਹੀਂ ਸੀ।