ਹੜਤਾਲ ਕਾਰਨ ਬੈਂਗਲੁਰੂ ਬੰਦ, ਸੜਕਾਂ 'ਤੇ ਨਹੀਂ ਦਿਖਣਗੇ ਆਟੋ-ਟੈਕਸੀਆਂ, 10 ਲੱਖ ਵਾਹਨ ਰਹਿਣਗੇ ਸੜਕਾਂ ਤੋਂ ਗਾਇਬ  

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਬੰਦ ਕਾਰਨ ਕੁਝ ਸਕੂਲਾਂ ਵਿਚ ਪਹਿਲਾਂ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। 

Bengaluru bandh

 

ਬੈਂਗਲੁਰੂ : ਬੈਂਗਲੁਰੂ ਸੋਮਵਾਰ (11 ਸਤੰਬਰ) ਨੂੰ ਬੰਦ ਰਹੇਗਾ। ਫੈਡਰੇਸ਼ਨ ਆਫ ਕਰਨਾਟਕ ਸਟੇਟ ਪ੍ਰਾਈਵੇਟ ਟਰਾਂਸਪੋਰਟ ਐਸੋਸੀਏਸ਼ਨ ਨੇ ਇਹ ਐਲਾਨ ਕੀਤਾ ਹੈ। ਬੈਗਲੁਰੂ ਵਿਚ ਬੰਦ 10 ਸਤੰਬਰ (ਐਤਵਾਰ) ਦੀ ਅੱਧੀ ਰਾਤ ਤੋਂ ਸ਼ੁਰੂ ਹੋ ਗਿਆ ਹੈ ਜੋ ਅੱਜ 11 ਸਤੰਬਰ (ਸੋਮਵਾਰ) ਤੱਕ ਜਾਰੀ ਰਹੇਗਾ। ਇਸ ਹੜਤਾਲ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰਾਂਸਪੋਰਟ ਸੇਵਾਵਾਂ ਵਿਚ ਪੂਰੀ ਤਰ੍ਹਾਂ ਵਿਘਨ ਪੈਣ ਦੀ ਸੰਭਾਵਨਾ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਇਸ ਬੰਦ ਕਾਰਨ ਕੁਝ ਸਕੂਲਾਂ ਵਿਚ ਪਹਿਲਾਂ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। 

ਇੱਥੇ ਕੁੱਲ 32 ਪ੍ਰਾਈਵੇਟ ਟਰਾਂਸਪੋਰਟ ਐਸੋਸੀਏਸ਼ਨਾਂ ਹਨ ਅਤੇ ਅੰਦਾਜ਼ਾ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਪ੍ਰਾਈਵੇਟ ਟਰਾਂਸਪੋਰਟ ਸੇਵਾਵਾਂ ਸੋਮਵਾਰ ਨੂੰ ਨਹੀਂ ਚੱਲਣਗੀਆਂ। ਬੰਦ ਕਾਰਨ ਅੱਜ ਬੈਂਗਲੁਰੂ ਦੀਆਂ ਸੜਕਾਂ 'ਤੇ ਆਟੋ, ਟੈਕਸੀ, ਏਅਰਪੋਰਟ ਟੈਕਸੀ, ਮੈਕਸੀ ਕੈਬ, ਮਾਲ ਗੱਡੀਆਂ, ਸਕੂਲ ਵਾਹਨ, ਸਟੇਜ ਕੈਰੇਜ਼, ਕੰਟਰੈਕਟ ਕੈਰੇਜ਼ ਅਤੇ ਕਾਰਪੋਰੇਟ ਬੱਸਾਂ ਸਮੇਤ ਲਗਭਗ 7 ਤੋਂ 10 ਲੱਖ ਵਾਹਨ ਨਜ਼ਰ ਨਹੀਂ ਆਉਣਗੇ। ਫੈਡਰੇਸ਼ਨ ਦੇ ਪ੍ਰਧਾਨ ਐਸ ਨਟਰਾਜ ਸ਼ਰਮਾ ਨੇ ਇਹ ਜਾਣਕਾਰੀ ਏਜੰਸੀ ਨੂੰ ਦਿੱਤੀ ਹੈ।

ਬੰਦ ਕਾਰਨ ਬੈਂਗਲੁਰੂ ਮੈਟਰੋਪੋਲੀਟਨ ਟਰਾਂਸਪੋਰਟ ਕਾਰਪੋਰੇਸ਼ਨ (BMTC) ਨੇ ਬੱਸਾਂ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰ ਅਤੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਉਨ੍ਹਾਂ ਦੀ ਆਵਾਜਾਈ ਜਾਰੀ ਰਹੇਗੀ। ਟਰਾਂਸਪੋਰਟ ਮੰਤਰੀ ਰਾਮਲਿੰਗਾ ਰੈੱਡੀ ਨੇ ਕਿਹਾ ਸੀ ਕਿ ਸਰਕਾਰ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨੂੰ ਘੱਟ ਕਰਨ ਲਈ ਸਰਗਰਮੀ ਨਾਲ ਤਿਆਰੀ ਕਰ ਰਹੀ ਹੈ। 

ਫੈਡਰੇਸ਼ਨ ਨੇ ਬਾਈਕ ਟੈਕਸੀਆਂ 'ਤੇ ਪਾਬੰਦੀ ਸਮੇਤ ਕਈ ਮੰਗਾਂ ਨੂੰ ਲੈ ਕੇ ਬੰਦ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਨੇ ਸਰਕਾਰ ਨੂੰ ਸ਼ਕਤੀ ਸਕੀਮ ਦਾ ਹੋਰ ਵਿਸਥਾਰ ਕਰਨ ਦੀ ਅਪੀਲ ਕੀਤੀ ਹੈ। ਸ਼ਕਤੀ ਯੋਜਨਾ ਦੇ ਤਹਿਤ, ਔਰਤਾਂ ਸਰਕਾਰੀ ਟਰਾਂਸਪੋਰਟ ਬੱਸਾਂ ਵਿਚ ਮੁਫਤ ਯਾਤਰਾ ਕਰ ਸਕਦੀਆਂ ਹਨ। ਜਦੋਂ ਤੋਂ ਕਰਨਾਟਕ ਵਿਚ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਸਕੀਮ ਲਾਗੂ ਕੀਤੀ ਗਈ ਹੈ, ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਇਸ ਸਕੀਮ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।