Haryana Election 2024 : 'ਆਪ' ਦੀ ਚੌਥੀ ਸੂਚੀ ਜਾਰੀ, CM ਨਾਇਬ ਸੈਣੀ ਅਤੇ ਵਿਨੇਸ਼ ਫੋਗਾਟ ਵਿਰੁੱਧ ਉਮੀਦਵਾਰਾਂ ਦਾ ਐਲਾਨ
ਪਾਰਟੀ ਹੁਣ ਤੱਕ ਕੁੱਲ 61 ਉਮੀਦਵਾਰ ਚੋਣ ਮੈਦਾਨ 'ਚ ਉਤਾਰ ਚੁੱਕੀ ਹੈ
Haryana Election 2024 : ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਹੁਣ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਇਸ ਸੂਚੀ ਵਿੱਚ 21 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਹੁਣ ਤੱਕ ਕੁੱਲ 61 ਉਮੀਦਵਾਰ ਚੋਣ ਮੈਦਾਨ 'ਚ ਉਤਾਰ ਚੁੱਕੀ ਹੈ।
‘ਆਪ’ ਨੇ ਲਾਡਵਾ ਸੀਟ ਤੋਂ ਜੋਗਾ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਜਿੱਥੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਚੋਣ ਮੈਦਾਨ ਵਿੱਚ ਹਨ। ਇਸ ਸੀਟ ਤੋਂ ਕਾਂਗਰਸ ਨੇ ਮੇਵਾ ਸਿੰਘ ਨੂੰ ਟਿਕਟ ਦਿੱਤੀ ਹੈ। ਵਿਨੇਸ਼ ਫੋਗਾਟ ਜੁਲਾਨਾ ਤੋਂ ਚੋਣ ਲੜ ਰਹੀ ਹੈ ਅਤੇ ਆਮ ਆਦਮੀ ਪਾਰਟੀ ਨੇ WWE ਦੀ ਪਹਿਲਵਾਨ ਕਵਿਤਾ ਦਲਾਲ 'ਤੇ ਦਾਅ ਲਗਾਇਆ ਹੈ। ਗੁਰੂਗ੍ਰਾਮ ਤੋਂ 'ਆਪ' ਨੇ ਨਿਸ਼ਾਂਤ ਆਨੰਦ ਨੂੰ ਮੈਦਾਨ 'ਚ ਉਤਾਰਿਆ ਹੈ।
'ਆਪ' ਨੇ ਕਿਸਨੂੰ ,ਕਿੱਥੋਂ ਬਣਾਇਆ ਉਮੀਦਵਾਰ ?
ਆਮ ਆਦਮੀ ਪਾਰਟੀ ਨੇ ਅੰਬਾਲਾ ਕੈਂਟ ਤੋਂ ਰਾਜ ਕੌਰ ਗਿੱਲ, ਯਮੁਨਾਨਗਰ ਤੋਂ ਲਲਿਤ ਤਿਆਗੀ, ਕੈਥਲ ਤੋਂ ਸਤਬੀਰ ਸਿੰਘ, ਕਰਨਾਲ ਤੋਂ ਸੁਨੀਲ ਬਿੰਦਲ, ਪਾਣੀਪਤ ਦਿਹਾਤੀ ਤੋਂ ਸੁਖਬੀਰ ਮਲਿਕ, ਗਨੌਰ ਤੋਂ ਸਰੋਜ ਬਾਲਾ ਰਾਠੀ, ਸੋਨੀਪਤ ਤੋਂ ਦਵਿੰਦਰ ਸਿੰਘ, ਗੋਹਾਨਾ ਤੋਂ ਸ਼ਿਵ ਕੁਮਾਰ ਰੰਗੀਲਾ, ਡਾ. ਬੜੌਦਾ ਤੋਂ ਸੰਦੀਪ ਮਲਿਕ, ਸਫੀਦੋ ਤੋਂ ਨਿਸ਼ਾ ਦੇਸ਼ਵਾਲ, ਟੋਹਾਣਾ ਤੋਂ ਸੁਖਵਿੰਦਰ ਸਿੰਘ ਗਿੱਲ, ਕਾਲਾਂਵਾਲੀ ਤੋਂ ਜਸਦੇਵ ਨਿੱਕਾ, ਸਿਰਸਾ ਤੋਂ ਸ਼ਾਮ ਮਹਿਤਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਆਮ ਆਦਮੀ ਪਾਰਟੀ ਦੇ ਹੋਰ ਉਮੀਦਵਾਰਾਂ ਵਿੱਚ ਉਕਲਾਨਾ ਤੋਂ ਨਰਿੰਦਰ ਉਕਲਾਨਾ, ਨਾਰਨੌਦ ਤੋਂ ਰਾਜੀਵ ਪਾਲੀ, ਹਾਂਸੀ ਤੋਂ ਰਾਜੇਂਦਰ ਸੋਰਖੀ, ਹਿਸਾਰ ਤੋਂ ਸੰਜੇ ਸਤਰੋਦੀਆ ਅਤੇ ਬਾਦਲੀ ਤੋਂ ਹੈਪੀ ਲੋਚਾਬ ਨੂੰ ਟਿਕਟ ਦਿੱਤੀ ਹੈ।
ਦਰਅਸਲ, ਆਮ ਆਦਮੀ ਪਾਰਟੀ ਹਰਿਆਣਾ ਵਿਧਾਨ ਸਭਾ ਚੋਣਾਂ ਕਾਂਗਰਸ ਨਾਲ ਗਠਜੋੜ ਕਰਕੇ ਲੜਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਮੁੱਦੇ 'ਤੇ ਦੋਵਾਂ ਧਿਰਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਹੋਈ। ਦੋਵਾਂ ਪਾਰਟੀਆਂ ਦੇ ਆਗੂਆਂ ਨੇ ਗਠਜੋੜ ਦਾ ਐਲਾਨ ਕਰਨ ਲਈ 12 ਸਤੰਬਰ ਦੀ ਤਰੀਕ ਦਿੱਤੀ ਸੀ ਪਰ ਅਗਲੇ ਹੀ ਦਿਨ ‘ਆਪ’ ਨੇ ਇਕੱਲਿਆਂ ਹੀ ਚੋਣ ਲੜਨ ਦਾ ਐਲਾਨ ਕਰ ਦਿੱਤਾ।