ਸਾਡਾ ਨਾਅਰਾ ‘ਵੋਟ ਚੋਰ, ਗੱਦੀ ਛੋੜ’ ਦੇਸ਼ ਭਰ ’ਚ ਸਾਬਤ ਹੋਇਆ: ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਅਪਣੇ ਸੰਸਦੀ ਹਲਕੇ ਰਾਏਬਰੇਲੀ ਦੇ ਦੋ ਦਿਨਾਂ ਦੌਰੇ ਉਤੇ ਉੱਤਰ ਪ੍ਰਦੇਸ਼ ਵਿਚ ਹਨ।

Our slogan 'Vote Chor, Gaddi Chod' has been proven across the country: Rahul Gandhi

ਰਾਏਬਰੇਲੀ : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਕਿਹਾ ਕਿ ‘ਵੋਟ ਚੋਰ, ਗੱਦੀ ਛੋੜ’ ਦਾ ਨਾਅਰਾ ਦੇਸ਼ ਭਰ ਵਿਚ ਸਾਬਤ ਹੋ ਗਿਆ ਹੈ ਅਤੇ ਪਾਰਟੀ ਇਸ ਨੂੰ ‘ਵਧੇਰੇ ਨਾਟਕੀ ਤਰੀਕਿਆਂ ਨਾਲ’ ਸਥਾਪਤ ਕਰੇਗੀ।

ਰਾਹੁਲ ਗਾਂਧੀ ਅਪਣੇ ਸੰਸਦੀ ਹਲਕੇ ਰਾਏਬਰੇਲੀ ਦੇ ਦੋ ਦਿਨਾਂ ਦੌਰੇ ਉਤੇ ਉੱਤਰ ਪ੍ਰਦੇਸ਼ ਵਿਚ ਹਨ। ਉਹ ਸਵੇਰੇ ਲਖਨਊ ਦੇ ਚੌਧਰੀ ਚਰਨ ਸਿੰਘ ਹਵਾਈ ਅੱਡੇ ਉਤੇ ਪਹੁੰਚੇ ਜਿੱਥੇ ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਰਾਏ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਸਮਾਗਮ ਵਾਲੀ ਥਾਂ ਉਤੇ ਦਾਖਲ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਮੁੱਖ ਨਾਅਰਾ ‘ਵੋਟ ਚੋਰ, ਗੱਦੀ ਛੋੜ’ ਹੈ ਅਤੇ ਇਹ ਦੇਸ਼ ਭਰ ਵਿਚ ਸਾਬਤ ਹੋ ਰਿਹਾ ਹੈ। ਅਸੀਂ ਇਸ ਨੂੰ ਵਾਰ-ਵਾਰ ਵੱਧ ਤੋਂ ਵੱਧ ਨਾਟਕੀ ਤਰੀਕਿਆਂ ਨਾਲ ਸਾਬਤ ਕਰਾਂਗੇ।’’

ਦੇਦੌਲੀ ’ਚ ਹਰਚੰਦਪੁਰ ਵਿਧਾਨ ਸਭਾ ’ਚ ਪਾਰਟੀ ਵਰਕਰਾਂ ਨਾਲ ਇਕ ਪ੍ਰੋਗਰਾਮ ’ਚ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਅਤੇ ਕਰਨਾਟਕ ’ਚ ਵੋਟਾਂ ਚੋਰੀ ਦੀਆਂ ਕਥਿਤ ਘਟਨਾਵਾਂ ਦਾ ਜ਼ਿਕਰ ਕੀਤਾ। ਹਾਲਾਂਕਿ ਮੀਡੀਆ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ, ਖ਼ਬਰ ਏਜੰਸੀ ਪੀ.ਟੀ.ਆਈ. ਨੂੰ ਪਤਾ ਲੱਗਾ ਕਿ ਕਾਂਗਰਸ ਨੇਤਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਹੋਈਆਂ ਮਹਾਰਾਸ਼ਟਰ ਅਤੇ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਦੀ ਚੋਰੀ ਦੇ ‘ਕਾਲੇ ਅਤੇ ਚਿੱਟੇ’ ਸਬੂਤ ਹਨ।

ਇਕ ਸੂਤਰ ਅਨੁਸਾਰ ਰਾਹੁਲ ਨੇ ਕਿਹਾ, ‘‘ਮਹਾਰਾਸ਼ਟਰ ’ਚ ਸਾਡੀ ਪਾਰਟੀ ਅਤੇ ਸਾਡਾ ਗਠਜੋੜ ਲੋਕ ਸਭਾ ’ਚ ਜਿੱਤ ਗਿਆ ਅਤੇ ਚਾਰ ਮਹੀਨੇ ਬਾਅਦ ਵਿਧਾਨ ਸਭਾ ’ਚ ਸਾਡਾ ਸਫਾਇਆ ਹੋ ਗਿਆ। ਜਦੋਂ ਅਸੀਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਲਗਭਗ ਇਕ ਕਰੋੜ ਨਵੇਂ ਵੋਟਰ ਚੋਣ ਪ੍ਰਣਾਲੀ ਵਿਚ ਦਾਖਲ ਹੋਏ ਸਨ। ਸਾਡੇ ਅਤੇ ਸਾਡੇ ਸਹਿਯੋਗੀਆਂ ਦੀਆਂ ਵੋਟਾਂ ਇਕੋ ਜਿਹੀਆਂ ਰਹੀਆਂ, ਪਰ ਸਾਰੀਆਂ ਨਵੀਆਂ ਵੋਟਾਂ ਭਾਜਪਾ ਨੂੰ ਗਈਆਂ।’’

ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ, ਐਨ.ਸੀ.ਪੀ.-ਐਸ.ਪੀ. ਅਤੇ ਸ਼ਿਵ ਸੈਨਾ-ਯੂ.ਬੀ.ਟੀ. ਦੀਆਂ ਵੋਟਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ, ਪਰ ਭਾਜਪਾ ਦੀ ਗਿਣਤੀ ’ਚ ਭਾਰੀ ਉਛਾਲ ਵੇਖਣ ਨੂੰ ਮਿਲਿਆ ਹੈ।

ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ ਅਤੇ ਇਹ ਦੱਸਣ ਲਈ ਕਿਹਾ ਹੈ ਕਿ ਚਾਰ ਮਹੀਨਿਆਂ ਵਿਚ ਇਕ ਕਰੋੜ ਨਵੇਂ ਵੋਟਰ ਕਿਵੇਂ ਸਾਹਮਣੇ ਆਏ। ਸੂਤਰਾਂ ਨੇ ਕਾਂਗਰਸੀ ਨੇਤਾ ਦੇ ਹਵਾਲੇ ਨਾਲ ਕਿਹਾ, ‘‘ਕਮਿਸ਼ਨ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿਤਾ ਕਿ ਉਹ ਸਾਨੂੰ ਸੂਚੀ ਨਹੀਂ ਦੇਣਗੇ ਅਤੇ ਨਾ ਹੀ ਕੋਈ ਵੀਡੀਉ ਦੇਣਗੇ।’’

ਗਾਂਧੀ ਨੇ ਇਹ ਵੀ ਦੋਸ਼ ਲਾਇਆ ਕਿ ਚੋਣਾਂ ਤੋਂ ਬਾਅਦ ਕਰਨਾਟਕ ਵਿਚ ਵੀ ਇਸੇ ਤਰ੍ਹਾਂ ਦੀਆਂ ਬੇਨਿਯਮੀਆਂ ਸਾਹਮਣੇ ਆਈਆਂ। ਕਾਂਗਰਸੀ ਵਰਕਰਾਂ ਨੇ ਬੈਂਗਲੁਰੂ ਸੈਂਟਰਲ ਦੇ ਇਕ ਵਿਧਾਨ ਸਭਾ ਹਲਕੇ ਵਿਚ ਵੋਟਰਾਂ ਦੀ ਪੜਤਾਲ ਕੀਤੀ ਅਤੇ ਦੋ ਲੱਖ ਜਾਅਲੀ ਵੋਟਰ ਮਿਲੇ ਜਿਸ ਕਾਰਨ ਉੱਥੇ ਭਾਜਪਾ ਦੀ ਜਿੱਤ ਹੋਈ।

ਭਾਜਪਾ ਉਤੇ ਵੋਟਾਂ ਚੋਰੀ ਕਰਨ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਦੋਸ਼ ਲਾਇਆ ਕਿ ਅਜਿਹੀਆਂ ਘਟਨਾਵਾਂ ਸਿਰਫ ਬੈਂਗਲੁਰੂ ਜਾਂ ਮਹਾਰਾਸ਼ਟਰ ਤਕ ਸੀਮਿਤ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼ ਅਤੇ ਗੁਜਰਾਤ ’ਚ ਵੱਡੇ ਪੱਧਰ ਉਤੇ ਹੋਇਆ ਹੈ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਕਿਹਾ, ‘‘ਹੌਲੀ-ਹੌਲੀ ਅਸੀਂ ਸਾਰੇ ਸਬੂਤ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ।’’

ਰਾਏਬਰੇਲੀ ਵਿਚ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ, ਰਾਹੁਲ ਗਾਂਧੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾਏ ਗਏ ਸਨ। ਰਾਏ ਨੇ ਕਿਹਾ ਕਿ ਗਾਂਧੀ ਦੀ ਰਾਏਬਰੇਲੀ ਫੇਰੀ ਨੇ ਪਾਰਟੀ ਵਰਕਰਾਂ ਅਤੇ ਰਾਜ ਦੇ ਲੋਕਾਂ ਵਿਚ ਨਵਾਂ ਉਤਸ਼ਾਹ ਪੈਦਾ ਕੀਤਾ ਹੈ।
ਵੀਰਵਾਰ ਨੂੰ ਰਾਹੁਲ ਗਾਂਧੀ ਕਾਂਗਰਸੀ ਨੇਤਾਵਾਂ ਅਤੇ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ, ਜਿਸ ਤੋਂ ਬਾਅਦ ਉਹ ਕੁਲੈਕਟਰ ਦਫ਼ਤਰ ਦੇ ਬਚਤ ਭਵਨ ਵਿਖੇ ਜ਼ਿਲ੍ਹਾ ਵਿਜੀਲੈਂਸ ਅਤੇ ਨਿਗਰਾਨੀ ਕਮੇਟੀ ਦੀ ਬੈਠਕ ਵਿਚ ਸ਼ਾਮਲ ਹੋਣਗੇ।