ਸਟਾਰ ਏਅਰ ਨੇ ਨਾਂਦੇੜ ਤੋਂ ਉਡਾਣ ਸੇਵਾਵਾਂ ਕੀਤੀਆਂ ਮੁੜ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਡਾਣਾਂ ਪਿਛਲੇ 20 ਦਿਨਾਂ ਤੋਂ ਅਸਥਾਈ ਤੌਰ 'ਤੇ ਸੀ ਬੰਦ

Star Air resumes flight services from Nanded

ਮੁੰਬਈ: ਖੇਤਰੀ ਏਅਰਲਾਈਨ ਸਟਾਰ ਏਅਰ ਨੇ ਬੁਧਵਾਰ ਨੂੰ ਕਿਹਾ ਕਿ ਉਸ ਨੇ ਮਹਾਰਾਸ਼ਟਰ ਦੇ ਨਾਂਦੇੜ ਦੇ ਗੁਰੂ ਗੋਬਿੰਦ ਸਿੰਘ ਜੀ ਹਵਾਈ ਅੱਡੇ ਤੋਂ ਅਪਣੀਆਂ ਉਡਾਣ ਸੇਵਾਵਾਂ ਮੁੜ ਸ਼ੁਰੂ ਕਰ ਦਿਤੀਆਂ ਹਨ, ਜਿਨ੍ਹਾਂ ਨੂੰ ਸੁਰੱਖਿਆ ਰੈਗੂਲੇਟਰ ਡੀ.ਜੀ.ਸੀ.ਏ. ਵਲੋਂ 22 ਅਗੱਸਤ ਨੂੰ ਰਨਵੇ ਦੇ ਸੰਚਾਲਨ ਬਾਰੇ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਅਸਥਾਈ ਤੌਰ ਉਤੇ ਬੰਦ ਕਰ ਦਿਤਾ ਗਿਆ ਸੀ।

ਸਟਾਰ ਏਅਰ ਨਾਂਦੇੜ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਇਕਲੌਤੀ ਨਿਰਧਾਰਤ ਏਅਰਲਾਈਨ ਹੈ, ਜੋ ਮਹਾਰਾਸ਼ਟਰ ਸਰਕਾਰ ਦੀ ਹਵਾਈ ਅੱਡਾ ਵਿਕਾਸ ਸ਼ਾਖਾ, ਐਮ.ਏ.ਡੀ.ਸੀ. ਦੇ ਪ੍ਰਬੰਧਨ ਅਧੀਨ ਹੈ।

ਸਟਾਰ ਏਅਰ ਨੇ ਕਿਹਾ ਕਿ ਹਵਾਈ ਅੱਡੇ ਉਤੇ ਉਡਾਣਾਂ ਦੇ ਸੰਚਾਲਨ ਨੂੰ ਪਿਛਲੇ 20 ਦਿਨਾਂ ਤੋਂ ਅਸਥਾਈ ਤੌਰ ਉਤੇ ਮੁਅੱਤਲ ਕਰ ਦਿਤਾ ਗਿਆ ਸੀ ਕਿਉਂਕਿ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਨਿਯਮਤ ਆਡਿਟ ਦੌਰਾਨ ਸੁਰੱਖਿਆ ਦੀਆਂ ਖਾਮੀਆਂ ਦਾ ਸੰਕੇਤ ਦਿਤਾ ਸੀ।

ਏਅਰਲਾਈਨ ਨੇ ਕਿਹਾ ਕਿ ਡੀ.ਜੀ.ਸੀ.ਏ. ਅਤੇ ਮਹਾਰਾਸ਼ਟਰ ਏਅਰਪੋਰਟ ਡਿਵੈਲਪਮੈਂਟ ਕੰਪਨੀ (ਐਮ.ਏ.ਡੀ.ਸੀ.) ਵਲੋਂ ਚੁਕੇ ਗਏ ਤੇਜ਼ ਅਤੇ ਤਾਲਮੇਲ ਵਾਲੇ ਉਪਾਵਾਂ ਦੇ ਕਾਰਨ, ਵਿਆਪਕ ਸੁਰੱਖਿਆ ਪ੍ਰੋਟੋਕੋਲ ਲਾਗੂ ਕੀਤੇ ਗਏ, ਜਿਸ ਵਿਚ ਕਾਰਜਸ਼ੀਲ ਸੁਰੱਖਿਆ ਦੇ ਉੱਚੇ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਰੀਕਾਰਡ ਸਮੇਂ ਵਿਚ ਰਨਵੇ ਦੀ ਤੇਜ਼ੀ ਨਾਲ ਮੁਰੰਮਤ ਅਤੇ ਮਜ਼ਬੂਤ ਕਰਨਾ ਸ਼ਾਮਲ ਹੈ।

ਡੀ.ਜੀ.ਸੀ.ਏ. ਨੇ ਇਕ ਵਾਰ ਫਿਰ ਭਾਰਤ ਵਿਚ ਹਵਾਬਾਜ਼ੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ। ਸਟਾਰ ਏਅਰ ਦੇ ਸੀ.ਈ.ਓ. ਸਿਮਰਨ ਸਿੰਘ ਟਿਵਾਣਾ ਨੇ ਕਿਹਾ ਕਿ ਉਨ੍ਹਾਂ ਦੀ ਸਮੇਂ ਸਿਰ ਦਖਲਅੰਦਾਜ਼ੀ ਅਤੇ ਚੌਕਸੀ ਮੁਸਾਫ਼ਰਾਂ ਅਤੇ ਏਅਰਲਾਈਨਾਂ ਦੋਹਾਂ ਦੀ ਸੁਰੱਖਿਆ ਲਈ ਉੱਚੇ ਗਲੋਬਲ ਮਾਪਦੰਡਾਂ ਨੂੰ ਦਰਸਾਉਂਦੀ ਹੈ। ਸਟਾਰ ਏਅਰਲਾਈਨ ਨਾਂਦੇੜ ਹਵਾਈ ਅੱਡੇ ਤੋਂ ਪ੍ਰਤੀ ਦਿਨ 10 ਉਡਾਣਾਂ ਚਲਾਉਂਦੀ ਹੈ।