ਜੀਵਨ ਬੀਮਾ ਪਾਲਿਸੀ ਦੇ 60 ਲੱਖ ਰੁਪਏ ਪਾਉਣ ਲਈ ਕੀਤਾ ਕਤਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸ਼ਥਾਨ ਦੇ ਅਲਵਰ ਵਿਖੇ ਦੋ ਲੋਕਾਂ ਨੇ ਜੀਵਨ ਬੀਮਾ ਪਾਲਿਸੀ ਦੇ 60 ਲੱਖ ਰੁਪਏ ਹਾਸਿਲ ਕਰਨ ਲਈ ਇਕ ਨੌਜਵਾਨ ਦਾ ਕਤਲ ਕਰ ਦਿਤਾ

Crime

ਜੈਪੁਰ, (ਪੀਟੀਆਈ) : ਰਾਜਸ਼ਥਾਨ ਦੇ ਅਲਵਰ ਵਿਖੇ ਦੋ ਲੋਕਾਂ ਨੇ ਜੀਵਨ ਬੀਮਾ ਪਾਲਿਸੀ ਦੇ 60 ਲੱਖ ਰੁਪਏ ਹਾਸਿਲ ਕਰਨ ਲਈ ਇਕ ਨੌਜਵਾਨ ਦਾ ਕਤਲ ਕਰ ਦਿਤਾ ਅਤੇ ਲਾਸ਼ ਦਾ ਅੰਤਿਮ ਸੰਸਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਅਲਵਰ ਵਿਖੇ 30 ਸੰਤਬਰ ਨੂੰ ਢਾਬੇ ਤੇ ਕੰਮ ਕਰਨ ਵਾਲੇ ਸਾਲਪੁਰ ਨਿਵਾਸੀ ਰਾਮਕੇਸ਼ ਦਾ ਕਤਲ ਹੋਇਆ ਸੀ। ਉਸਦੀ ਜੇਬ ਵਿਚ ਅਲਾਪੁਰ ਨਿਵਾਸੀ ਸੁਨੀਲ ਖਤਰੀ ਦਾ ਵੋਟਰ ਆਈ ਡੀ ਕਾਰਡ ਮਿਲਿਆ ਸੀ। ਪੁਲਿਸ ਨੇ ਸੁਨੀਲ ਖਤਰੀ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿਤੀ।

ਪੰਚਨਾਮਾ ਕਰਨ ਤੋਂ ਬਾਅਦ ਲਾਸ਼ ਦਾ ਪੋਸਟਰਮਾਰਟਮ ਕਰਵਾਇਆ ਅਤੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿਤੀ। ਇਸ ਤੋਂ ਬਾਅਦ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ, ਪਰ ਉਸੇ ਵੇਲੇ ਮ੍ਰਿਤਕ ਰਾਮਕੇਸ਼ ਦੇ ਇਕ ਜਾਣਕਾਰ ਨੇ ਉਸਨੂੰ ਪਹਿਚਾਨ ਲਿਆ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿਤੀ। ਪੁਲਿਸ ਨੇ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਉਸਦੀ ਪਛਾਣ ਕਰਵਾਈ ਤਾਂ ਉਸਦੀ ਪਛਾਣ ਸਾਲਪੁਰ ਨਿਵਾਸੀ ਰਾਮਕੇਸ਼ ਭੌਪਾ ਦੇ ਤੌਰ ਤੇ ਹੋਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਤਲ ਦਾ ਮਾਮਲਾ ਦਰਜ ਕਰਵਾਇਆ।

ਰਿਪੋਰਟ ਵਿਚ ਦੋਸ਼ ਲਗਾਇਆ ਗਿਆ ਸੀ ਕਿ ਅਲਾਪੁਰ ਨਿਵਾਸੀ ਸੁਨੀਲ ਖਤਰੀ ਦੇ ਪਰਿਵਾਰ ਦੇ ਲੋਕਾਂ ਨੇ ਇਹ ਕਤਲ ਕੀਤਾ ਹੈ। ਜਾਂਚ ਦੌਰਾਨ ਪੁਲਿਸ ਨੇ ਸੁਨੀਲ ਖਤਰੀ ਦੇ ਭਰਾ ਅਨਿਲ ਖਤਰੀ ਅਤੇ ਉਸਦੇ ਚਚੇਰੇ ਭਰਾ ਪਵਨ ਖਤਰੀ ਨੂੰ ਗਿਰਫਤਾਰ ਕਰ ਲਿਆ। ਪੁਛਗਿਛ ਦੌਰਾਨ ਉਸਨੇ ਦਸਿਆ ਕਿ ਉਸਦੇ ਭਰਾ ਸੁਨੀਲ ਖਤਰੀ ਦੀ 60 ਲੱਖ ਦੀ ਐਲਆਈਸੀ ਪਾਲਿਸੀ ਨੂੰ ਹਾਸਿਲ ਕਰਨ ਦੇ ਚੱਕਰ ਵਿਚ ਉਨਾਂ ਨੇ ਸਿਲੀਸੇੜ ਦੇ ਨੇੜੇ ਰਾਮਕੇਸ਼ ਦਾ ਕਤਲ ਕਰ ਦਿਤਾ

ਅਤੇ ਰਾਮਕੇਸ਼ ਦੀ ਜੇਬ ਵਿਚ ਸੁਨੀਲ ਖਤਰੀ ਦਾ ਆਈਡੀ ਕਾਰਡ ਪਾ ਦਿਤਾ। ਇਸ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਉਸਦੀ ਲਾਸ਼ ਦਾ ਅੰਤਿਮ ਸੰਸਕਾਰ ਅਲਾਪੁਰ ਵਿਚ ਕਰ ਰਹੇ ਸਨ। ਪਰ ਉਸ ਵੇਲੇ ਕਿਸੀ ਨੇ ਰਾਮਕੇਸ਼ ਦੀ ਦੇਹ ਨੂੰ ਪਛਾਣ ਲਿਆ।