ਖੇਤੀ ਕਾਨੂੰਨ : ਵਿਚੌਲਿਆਂ ਰਾਹੀਂ ਸਿਆਸਤ ਕਰਨ ਵਾਲੇ ਲੋਕ ਕਰ ਰਹੇ ਹਨ ਖੇਤੀ ਸੁਧਾਰਾਂ ਦਾ ਵਿਰੋਧ: ਮੋਦੀ
ਖੇਤੀ ਸੁਧਾਰਾਂ ਨੂੁੰ ਲੈ ਕੇ ਵਿਰੋਧੀ ਧਿਰਾਂ 'ਤੇ ਸਾਧਿਆਂ ਨਿਸ਼ਾਨਾਂ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਿਰੋਧੀ ਧਿਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਦੀ ਸਿਆਸਤ 'ਦਲਾਲਾਂ ਅਤੇ ਵਿਚੌਲਿਆਂ' ਦੇ ਭਰੋਸੇ ਚੱਲਦੀ ਰਹੀ ਉਹ ਲੋਕ ਸਰਕਾਰ ਦੇ ਸੁਧਾਰਵਾਦੀ ਕਦਮਾਂ ਬਾਰੇ 'ਝੂਠ' ਫੈਲਾ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਇਸ ਤੋਂ ਡੋਲੇਗਾ ਨਹੀਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਉਨ੍ਹਾਂ ਦੀ ਸਰਕਾਰ ਵਲੋਂ ਕੀਤੇ ਗਏ ''ਇਤਿਹਾਸਕ'' ਸੁਧਾਰਾਂ ਦਾ ਵਿਰੋਧ ਕਰਨ ਵਾਲਿਆਂ ਦਾ ਸਾਥ ਨਹੀਂ ਦੇਣਗੇ। ਮੋਦੀ 'ਸਵਾਮਿਤਵ ਯੋਜਨਾ' ਤਹਿਤ ਜਾਇਦਾਦ ਕਾਰਡ ਦੇ ਵੰਡ ਦੇ ਸ਼ੁਰੂ ਦੇ ਪ੍ਰੋਗਰਾਮ ਨੂੰ ਵਿਡੀਉ ਕਾਨਫਰੰਸਿੰਗ ਰਾਹੀਂ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬੀਤੇ 6 ਸਾਲਾਂ 'ਚ ਪਿੰਡਾਂ ਅਤੇ ਪਿੰਡ ਦੇ ਲੋਕਾਂ ਲਈ ਜਿਨਾਂ ਕੰਮ ਕੀਤਾ ਹੈ, ਉਨਾਂ ਆਜ਼ਾਦੀ ਦੇ 6 ਦਹਾਕਿਆਂ ਵਿਚ ਨਹੀਂ ਹੋਇਆ। ਮੋਦੀ ਨੇ ਇਸ ਸਬੰਧ 'ਚ ਕਈ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ ਜਿਸ 'ਚ ਬੈਂਕ ਖ਼ਾਤੇ ਖੋਲ੍ਹਣਾ, ਪਖਾਨੇ ਅਤੇ ਘਰ ਨਿਰਮਾਣ, ਉੱਜਵਲਾ ਯੋਜਨਾ ਤੇ ਬਿਜਲੀਕਰਨ ਦੀ ਯੋਜਨਾ ਸ਼ਾਮਲ ਹੈ।
ਪੰਧਾਨ ਮੰਤਰੀ ਨੇ ਕਾਂਗਰਸ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ, ''ਕਈ ਸਾਲਾਂ ਤਕ ਜੋ ਲੋਕ ਸੱਤਾ 'ਚ ਰਹੇ, ਉਨ੍ਹਾਂ ਨੇ ਗੱਲਾਂ ਤਾਂ ਬਹੁਤ ਵੱਡੀਆਂ-ਵੱਡੀਆਂ ਕੀਤੀਆਂ, ਪਰ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੀ ਕਿਸਮਤ ਦੇ ਸਹਾਰੇ ਛੱਡ ਦਿਤਾ। ਮੈਂ ਅਜਿਹਾ ਨਹੀਂ ਹੋਣ ਦੇ ਸਕਦਾ।'' ਉਨ੍ਹਾਂ ਕਿਹਾ ਕਈ ਲੋਕ ਨਹੀਂ ਚਾਹੁੰਦੇ ਕਿ ਪਿੰਡ, ਗ਼ਰੀਬ,ਕਿਸਾਨ, ਮਜ਼ਦੂਰ ਭੈਣ-ਭਰਾ ਆਤਮਨਿਰਭਰ ਬਨਣ।
ਮੋਦੀ ਨੇ ਕਿਹਾ, ''ਪਿੰਡ ਦੇ ਲੋਕਾਂ ਨੂੰ ਗ਼ਰੀਬੀ 'ਚ ਰਖਣਾ ਕੁੱਝ ਲੋਕਾਂ ਦੀ ਰਾਜਨੀਤੀ ਦਾ ਆਧਾਰ ਰਿਹਾ ਹੈ। ਹੁਣ ਜਦੋਂ ਇਨ੍ਹਾਂ ਲੋਕਾਂ ਲਈ ਖੇਤੀ 'ਚ ਜੋ ਇਤਿਹਾਸਕ ਸੁਧਾਰ ਕੀਤੇ ਗਏ ਹਨ, ਉਸ ਤੋਂ ਦਿੱਕਤ ਹੋ ਰਹੀ ਹੈ, ਉਹ ਘਬਰਾਏ ਹੋਏ ਹਨ।'' ਉਨ੍ਹਾਂ ਕਿਹਾ ਇਹ ਘਬਰਾਹਟ ਕਿਸਾਨਾਂ ਲਈ ਨਹੀਂ ਹੈ, ਖ਼ੁਦ ਲਈ ਹੈ।
ਮੋਦੀ ਵਿਰੋਧੀ ਧਿਰ ਦਾ ਨਾਂ ਲਏ ਬਗ਼ੈਰ ਕਿਹਾ ਕਿ ਕਈ ਪੀੜ੍ਰੀਆਂ ਤੋਂ 'ਵਿਚੋਲਿਆਂ, ਘੂਸਖ਼ੋਰਾਂ ਅਤੇ ਦਲਾਲਾਂ' ਦਾ ਤੰਤਰ ਖੜਾ ਕਰ ਕੇ ਜਿਨ੍ਹਾਂ ਨੇ ਅਪਣਾ ਮਾਇਆਜਾਲ ਬਣਾਇਆ ਹੋਇਆ ਸੀ, ਦੇਸ਼ ਦੀ ਜਨਤਾ ਨੇ ਉਨ੍ਹਾਂ ਦੇ ਮਾਇਆਜਾਲ ਨੂੰ, ਉਨ੍ਹਾਂ ਦੇ ਮਕਸਦਾਂ ਨੂੰ ਢਾਹਣਾ ਸ਼ੁਰੂ ਕਰ ਦਿਤਾ ਹੈ।