ਹੁਣ ਸੌਦਾ ਸਾਧ ਅਪਣੀ ਮਾਂ ਤੇ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਮਿਲਣ ਲਈ ਤੜਫਿਆ
ਜੇਲ ਅਧਿਕਾਰੀਆਂ ਨੇ ਸੁਰੱਖਿਆ ਕਾਰਨਾਂ ਕਰ ਕੇ ਮੁਲਾਕਾਤ ਕਰਵਾਉਣ ਤੋਂ ਕੀਤੀ ਨਾਂਹ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਸੌਦਾ ਸਾਧ ਗੁਰਮੀਤ ਰਾਮ ਰਹੀਮ ਸੀ.ਬੀ.ਆਈ. ਕੋਰਟ ਵਲੋਂ ਰਣਜੀਤ ਕਤਲ ਕੇਸ ਵਿਚ ਦੋਸ਼ੀ ਕਰਾਰ ਦਿਤੇ ਜਾਣ ਬਾਅਦ ਡੂੰਘੇ ਸਦਮੇ ਵਿਚ ਹੈ। ਕੇਂਦਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਦੇ ਸਹਾਰੇ ਚਲ ਰਹੇ ਅਦਾਲਤੀ ਕੇਸਾਂ ਵਿਚ ਰਾਹਤ ਪ੍ਰਾਪਤ ਕਰ ਕੇ ਜੇਲ ਵਿਚੋਂ ਬਾਹਰ ਆਉਣ ਦੀ ਉਮੀਦ ਲਾਈ ਬੈਠੇ ਸੌਦਾ ਸਾਧ ਨੂੰ ਸੀ.ਬੀ.ਆਈ. ਅਦਾਲਤ ਦੇ ਫ਼ੈਸਲੇ ਨਾਲ ਭਾਰੀ ਨਿਰਾਸ਼ਾ ਹੋਈ ਹੈ।
ਡੇਰੇ ਨਾਲ ਜੁੜੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਉਹ ਇਸ ਫ਼ੈਸਲੇ ਬਾਅਦ ਅਗਲੀ ਸਜ਼ਾ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਅਪਣੀ ਬਜ਼ੁਰਗ ਮਾਂ ਤੇ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਮਿਲਣ ਲਈ ਤੜਫ ਰਿਹਾ ਹੈ।
ਉਸ ਨੇ ਅਪਣੇ ਵਕੀਲਾਂ ਰਾਹੀਂ ਸੁਨਾਰੀਆ ਜੇਲ ਦੇ ਅਧਿਕਾਰੀਆਂ ਨੂੰ ਇਸ ਬਾਰੇ ਅਪੀਲ ਕੀਤੀ ਪਰ ਜੇਲ ਅਧਿਕਾਰੀਆਂ ਨੇ ਫ਼ੈਸਲੇ ਦੀ ਤਰੀਕ ਨੇੜੇ ਹੋਣ ਕਾਰਨ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਸੌਦਾ ਸਾਧ ਦੀ ਇੱਛਾ ਪੂਰੀ ਕਰਨ ਤੋਂ ਨਾਂਹ ਕਰ ਦਿਤੀ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਸੌਦਾ ਸਾਧ ਇੰਨਾ ਪ੍ਰੇਸ਼ਾਨ ਹੈ ਕਿ ਜੇਲ ਵਿਚ ਉਸ ਨੇ ਖਾਣਾ ਵੀ ਛੱਡ ਦਿਤਾ ਹੈ।