ਡੇਰਾਬੱਸੀ 'ਚ ਬਿਲਡਰ 'ਤੇ ਦੁਕਾਨ ਦੱਬਣ ਦਾ ਦੋਸ਼! ਬਜ਼ੁਰਗ ਜੋੜੇ ਨੇ ਇਨਸਾਫ਼ ਲਈ ਲਗਾਇਆ ਧਰਨਾ
ਡੀਐਸਪੀ ਡੇਰਾਬੱਸੀ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ) ਹਲਕਾ ਡੇਰਾਬੱਸੀ ਦੇ ਇਕ ਬਿਲਡਰ 'ਤੇ ਬਨੂੜ ਵਾਸੀ 52 ਸਾਲਾਂ ਬਜ਼ੁਰਗ ਨੇ ਦੁਕਾਨ ਦੱਬਣ ਦਾ ਦੋਸ਼ ਲਾਇਆ ਹੈ। ਇਨਸਾਫ ਨਾ ਮਿਲਦਾ ਵੇਖ ਬਜ਼ੁਰਗ ਨੇ ਪਤਨੀ ਸਮੇਤ ਮੁਬਾਰਿਕਪੂਰ ਸੜਕ ਤੇ ਬਿਲਡਰ ਦੇ ਦਫਤਰ ਬਾਹਰ ਧਰਨਾ ਦੇ ਦਿਤਾ। ਮਾਮਲਾ ਡੀ ਐਸ ਪੀ ਡੇਰਾਬੱਸੀ ਹਰਵਿੰਦਰ ਸਿੰਘ ਦੇ ਧਿਆਨ ਵਿੱਚ ਆਉਂਦੇ ਹੀ ਊਨਾ ਨੇ ਮੌਕੇ 'ਤੇ ਪੁਲਿਸ ਪਾਰਟੀ ਭੇਜ ਕੇ ਧਰਨੇ 'ਤੇ ਬੈਠੇ ਬਜ਼ੁਰਗ ਜੋੜੇ ਨੂੰ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਦੇ ਦਿੱਤੇ ਭਰੋਸੇ ਤੇ ਬਜ਼ੁਰਗ ਨੇ ਸ਼ਾਮ ਨੂੰ ਧਰਨਾ ਚੁੱਕ ਲਿਆ।
ਆਪਣੀ ਪਤਨੀ ਨਾਲ ਧਰਨੇ 'ਤੇ ਬੈਠੇ 52 ਸਾਲਾਂ ਹਰਬੰਸ ਸਿੰਘ ਵਾਸੀ ਬਨੂੰੜ ਨੇ ਦੱਸਿਆ ਕਿ ਸਾਲ 1995 ਨੂੰ ਉਸਨੇ ਡੇਰਾਬੱਸੀ ਦੀ ਆਸ਼ਿਆਨਾ ਕਲੋਨੀ ਵਿਖੇ ਇੱਕ 20 ਗੱਜ ਦੀ ਦੁਕਾਨ ਥਾਂ ਖਰੀਦੀ ਸੀ। ਕਈ ਸਾਲ ਬਾਅਦ ਜਦੋਂ ਉਹ ਮੌਕੇ 'ਤੇ ਵੇਖਣ ਗਿਆ ਤਾਂ ਬਿਲਡਰ ਬੇਲਾ ਹੋਮ ਦੇ ਬਿਲਡਰ ਜਸਵੀਰ ਸਿੰਘ ਮੋਦੀ ਨੇ ਊਸ ਥਾਂ ਨੂੰ ਆਪਣਾ ਦੱਸਦੇ ਦੁਕਾਨ ਦੀ ਉਸਾਰੀ ਕਰ ਲਈ ਸੀ। ਇਸ ਤੋਂ ਬਾਅਦ ਜਦੋਂ ਉਸਨੇ ਇਨਸਾਫ ਲਈ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਸੋਸਾਇਟੀ ਦੇ ਅਹੁਦੇਦਾਰਾਂ ਸਮੇਤ ਜਸਵੀਰ ਮੋਦੀ ਨੇ ਊਸ ਨਾਲ ਸਮਝੌਤਾ ਕਰਦਿਆਂ ਉਸਨੂੰ 26 ਨੰਬਰ ਦੁਕਾਨ ਦੇ ਦਿੱਤੀ। ਉਸਨੇ ਉਕਤ ਦੁਕਾਨ ਦੀ ਉਸਾਰੀ ਕਰ ਜਦੋਂ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲਗਾ ਕਿ ਜਸਵੀਰ ਮੋਦੀ ਸਮੇਤ ਹੋਰਨਾਂ ਨੇ ਉਸਨੂੰ ਧੋਖੇ ਵਿੱਚ ਰੱਖ ਕੇ ਪਾਰਕਿੰਗ ਵਾਲੀ ਥਾਂ ਦੇ ਦਿੱਤੀ, ਜਿਸ ਦੀ ਰਜਿਸਟਰੀ ਨਹੀਂ ਹੋ ਸਕਦੀ।
ਹਰਬੰਸ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਜਿਸ ਤੇ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਕੀਤੀ ਜਾਂਚ ਵਿੱਚ ਲਿਖਿਆ ਕਿ 26 ਨੰਬਰ ਦੁਕਾਨ ਕਾਗਜਾਂ ਵਿੱਚ ਨਹੀਂ ਹੈ ਅਤੇ ਜਸਵੀਰ ਸਿੰਘ ਸਮੇਤ ਕੋਈ ਵਿਅਕਤੀ ਉਸ ਦਾ ਮਾਲਕ ਨਹੀਂ ਹੈ। ਅਜਿਹਾ ਕਰਕੇ ਉਕਤ ਵਿਅਕਤੀਆਂ ਨੇ ਹਰਬੰਸ ਸਿੰਘ ਨਾਲ ਧੋਖਾ ਕੀਤਾ ਹੈ। ਹਰਬੰਸ ਸਿੰਘ ਨੇ ਦੋਸ਼ ਲਾਉਂਦੇ ਕਿਹਾ ਕਿ ਪੁਲਿਸ ਦੇ ਆਲਾ ਅਧਿਕਾਰੀਆਂ ਦੀ ਜਾਂਚ ਰਿਪੋਰਟ ਦੇ ਬਾਵਜੂਦ ਡੀਏ ਲੀਗਲ ਨੇ ਗ਼ਲਤ ਰਿਪੋਰਟ ਦਿੰਦੇ ਹੋਏ ਉਸਦੀ ਸ਼ਿਕਾਇਤ ਨੂੰ ਖ਼ਾਰਜ ਕਰ ਦਿੱਤਾ। ਬਜ਼ੁਰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨਸਾਫ ਦੀ ਗੁਹਾਰ ਲਾਈ ਹੈ।
ਇਸ ਬਾਰੇ ਗੱਲ ਕਰਨ 'ਤੇ ਬਿਲਡਰ ਜਸਵੀਰ ਸਿੰਘ ਮੋਦੀ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਜਿਸ 15 ਨੰਬਰ ਦੁਕਾਨ ਨੂੰ ਆਪਣਾ ਦੱਸ ਰਿਹਾ ਹੈ, ਉਸਦੀ ਉਨ੍ਹਾਂ ਕੋਲ ਰਜਿਸਟਰੀ ਮੌਜੂਦ ਹੈ। ਜਦਕਿ ਬਜ਼ੁਰਗ ਕੋਲ ਜਿਹੜੀ ਰਜਿਸਟਰੀ ਮੌਜੂਦ ਹੈ। ਉਸ ਉਪਰ ਦੁਕਾਨ ਨੰਬਰ ਨਹੀਂ ਲਿਖਿਆ ਹੋਇਆ। ਉਨ੍ਹਾਂ ਨੇ ਵੀ ਉਕਤ ਦੁਕਾਨ ਖਰੀਦੀ ਹੋਈ ਹੈ, ਜੇਕਰ ਅਜਿਹਾ ਮਾਮਲਾ ਹੈ ਤਾਂ ਦੁਕਾਨ ਵੇਚਣ ਵਾਲੇ ਨੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ। ਜਸਵੀਰ ਸਿੰਘ ਮੋਦੀ ਨੇ ਕਿਹਾ ਕਿ ਉਕਤ ਵਿਅਕਤੀ ਉਨ੍ਹਾਂ ਉਪਰ ਝੂਠੇ ਦੋਸ਼ ਲਗਾ ਕੇ ਬਦਨਾਮ ਕਰ ਰਿਹਾ ਹੈ।
ਡੇਰਾਬੱਸੀ ਡੀਐਸਪੀ ਹਰਵਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਡੇਰਾਬੱਸੀ ਥਾਣਾ ਮੁਖੀ ਨੂੰ ਮੌਕੇ ਤੇ ਭੇਜਦੇ ਜਾਂਚ ਕਰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਮਾਮਲੇ ਸੰਬਧੀ ਸਾਰੇ ਦਸਤਾਵੇਜ਼ ਅਤੇ ਮਾਲ ਵਿਭਾਗ ਤੋਂ ਉਕਤ ਥਾਂ ਸੰਬਧੀ ਸਾਰੇ ਦਸਤਾਵੇਜ਼ ਇਕੱਠੇ ਕਰ ਮਾਮਲੇ ਦੀ ਜਾਂਚ ਕਰ ਇਨਸਾਫ ਕੀਤਾ ਜਾਵੇਗਾ। ਉਨ੍ਹਾਂ ਬਜ਼ੁਰਗ ਜੋੜੇ ਨੂੰ ਭਰੋਸਾ ਦਿੰਦੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਪੂਰੇ ਹਨ ਅਤੇ ਉਨ੍ਹਾਂ ਨਾਲ ਕਿਸੇ ਨੇ ਧੋਖਾ ਕੀਤਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਜਾਂਚ ਕਰ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।