PM ਮੋਦੀ ਨੇ ਥਾਈਲੈਂਡ ਦੀ ਅਪਣੀ ਹਮਰੁਤਬਾ ਨਾਲ ਵਪਾਰ, ਸਭਿਆਚਾਰਕ ਸਬੰਧਾਂ ’ਤੇ ਕੀਤੀ ਚਰਚਾ
PM ਮੋਦੀ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਲਾਓਸ ਦੇ ਦੋ ਦਿਨਾਂ ਦੌਰੇ ’ਤੇ
PM Modi meet Thailand PM Paetongtarn Shinawatra : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਥਾਈਲੈਂਡ ਦੀ ਅਪਣੇ ਹਮਰੁਤਬਾ ਪਾਤੋਂਗਤਾਰਨ ਸ਼ਿਨਾਵਾਤਰਾ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਨੂੰ ਸੁਧਾਰਨ ਅਤੇ ਸਭਿਆਚਾਰਕ ਸਬੰਧਾਂ ਨੂੰ ਹੁਲਾਰਾ ਦੇਣ ਦੇ ਤਰੀਕਿਆਂ ’ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਲਾਓਸ ਦੇ ਦੋ ਦਿਨਾਂ ਦੌਰੇ ’ਤੇ ਹਨ। ਮੋਦੀ ਨੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਤੋਂ ਇਲਾਵਾ ਸ਼ਿਨਾਵਾਤਰਾ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਲਾਓ ਪੀਡੀਆਰ ’ਚ ਪ੍ਰਧਾਨ ਮੰਤਰੀ ਪਾਤੋਂਗਤਾਰਨ ਸ਼ਿਨਾਵਾਤਰਾ ਨਾਲ ਮੁਲਾਕਾਤ ਕੀਤੀ। ਥਾਈਲੈਂਡ ਭਾਰਤ ਦਾ ਬਹੁਤ ਮਹੱਤਵਪੂਰਨ ਮਿੱਤਰ ਹੈ।’’
ਉਨ੍ਹਾਂ ਕਿਹਾ ਕਿ ਬੈਠਕ ਦੌਰਾਨ ਭਾਰਤ ਅਤੇ ਥਾਈਲੈਂਡ ਵਿਚਾਲੇ ਵਪਾਰਕ ਸਬੰਧਾਂ ਨੂੰ ਸੁਧਾਰਨ ਅਤੇ ਸਭਿਆਚਾਰਕ ਸਬੰਧਾਂ ਨੂੰ ਹੁਲਾਰਾ ਦੇਣ ਦੇ ਤਰੀਕਿਆਂ ’ਤੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ, ‘‘ਅਸੀਂ ਰੱਖਿਆ, ਸ਼ਿਪਿੰਗ, ਡਿਜੀਟਲ ਇਨੋਵੇਸ਼ਨ ਆਦਿ ਵਰਗੇ ਖੇਤਰਾਂ ’ਚ ਵੀ ਦੋਹਾਂ ਦੇਸ਼ਾਂ ਦਰਮਿਆਨ ਵੱਡੀਆਂ ਸੰਭਾਵਨਾਵਾਂ ਵੇਖਦੇ ਹਾਂ।’’ ਸ਼ਿਨਾਵਾਤਰਾ ਇਸ ਸਾਲ ਅਗੱਸਤ ’ਚ ਥਾਈਲੈਂਡ ਦੇ ਪ੍ਰਧਾਨ ਮੰਤਰੀ ਬਣੇ ਸਨ।