ਕੋਲਕਾਤਾ: ਪਛਮੀ ਬੰਗਾਲ ਦੇ ਪਛਮੀ ਬਰਧਮਾਨ ਜ਼ਿਲ੍ਹੇ ’ਚ ਓਡੀਸ਼ਾ ਦੀ ਇਕ ਮੈਡੀਕਲ ਕਾਲਜ ਦੀ ਵਿਦਿਆਰਥਣ ਨਾਲ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ਉਤੇ ਜਬਰ ਜਨਾਹ ਕੀਤਾ। ਉਸ ਦੇ ਪਰਵਾਰਕ ਜੀਆਂ ਨੇ ਦਸਿਆ ਕਿ ਇਹ ਘਟਨਾ ਸ਼ੁਕਰਵਾਰ ਰਾਤ ਨੂੰ ਦੁਰਗਾਪੁਰ ਦੇ ਨਿੱਜੀ ਮੈਡੀਕਲ ਕਾਲਜ ਕੈਂਪਸ ਦੇ ਬਾਹਰ ਉਸ ਸਮੇਂ ਵਾਪਰੀ ਜਦੋਂ ਦੂਜੇ ਸਾਲ ਦੀ ਵਿਦਿਆਰਥਣ ਆਪਣੇ ਇਕ ਦੋਸਤ ਨਾਲ ਰਾਤ ਦੇ ਖਾਣੇ ਲਈ ਬਾਹਰ ਗਈ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਉੜੀਸਾ ਦੇ ਜਲੇਸ਼ਵਰ ਦੀ ਰਹਿਣ ਵਾਲੀ ਵਿਦਿਆਰਥਣ ਦਾ ਨੇੜਲੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣ ਦੇ ਪਰਵਾਰਕ ਜੀਆਂ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਉਤੇ ਅਸੀਂ ਜਾਂਚ ਸ਼ੁਰੂ ਕਰ ਦਿਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦਿਆਰਥਣ ਦੇ ਮਾਪਿਆਂ ਨੇ ਦਸਿਆ ਕਿ ਉਹ ਅਪਣੀ ਧੀ ਦੇ ਦੋਸਤਾਂ ਦਾ ਫੋਨ ਆਉਣ ਤੋਂ ਬਾਅਦ ਅੱਜ ਸਵੇਰੇ ਦੁਰਗਾਪੁਰ ਪਹੁੰਚੇ। ਵਿਦਿਆਰਥਣ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦੀ ਧੀ ਨਾਲ ਸ਼ੁਕਰਵਾਰ ਰਾਤ ਕਰੀਬ 10 ਵਜੇ ਸਮੂਹਕ ਜਬਰ ਜਨਾਹ ਕੀਤਾ ਗਿਆ, ਜਦੋਂ ਉਹ ਅਪਣੇ ਇਕ ਦੋਸਤ ਨਾਲ ਰਾਤ ਦੇ ਖਾਣੇ ਲਈ ਕਾਲਜ ਕੈਂਪਸ ਤੋਂ ਬਾਹਰ ਗਈ ਸੀ।
ਪੁਲਿਸ ਅਧਿਕਾਰੀ ਨੇ ਦਸਿਆ ਕਿ 3 ਅਣਪਛਾਤੇ ਵਿਅਕਤੀ ਉਨ੍ਹਾਂ ਕੋਲ ਪਹੁੰਚੇ ਅਤੇ ਵਿਦਿਆਰਥਣ ਦੇ ਦੋਸਤ ਨੇ ਉਸ ਨੂੰ ਇਕੱਲਾ ਛੱਡ ਦਿਤਾ। ਉਨ੍ਹਾਂ ਨੇ ਉਸ ਦਾ ਫੋਨ ਖੋਹ ਲਿਆ ਅਤੇ ਉਸ ਨੂੰ ਕੈਂਪਸ ਦੇ ਬਾਹਰ ਜੰਗਲ ਵਿਚ ਲੈ ਗਏ, ਜਿੱਥੇ ਉਨ੍ਹਾਂ ਨੇ ਉਸ ਨਾਲ ਜਬਰ ਜਨਾਹ ਕੀਤਾ। ਉਸ ਨੂੰ ਧਮਕੀ ਦਿਤੀ ਗਈ ਸੀ ਕਿ ਜੇ ਉਸ ਨੇ ਇਸ ਘਟਨਾ ਬਾਰੇ ਕਿਸੇ ਨੂੰ ਦਸਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਦਸਿਆ ਕਿ ਮੁਲਜ਼ਮਾਂ ਨੇ ਉਸ ਦਾ ਮੋਬਾਈਲ ਫੋਨ ਵਾਪਸ ਕਰਨ ਲਈ ਉਸ ਤੋਂ ਪੈਸੇ ਦੀ ਮੰਗ ਵੀ ਕੀਤੀ।
ਅਧਿਕਾਰੀ ਨੇ ਦਸਿਆ ਕਿ ਵਿਦਿਆਰਥਣ ਦਾ ਬਿਆਨ ਦਰਜ ਕਰ ਲਿਆ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ। ਕੌਮੀ ਮਹਿਲਾ ਕਮਿਸ਼ਨ ਦੀ ਇਕ ਟੀਮ ਪੀੜਤਾ ਅਤੇ ਉਸ ਦੇ ਮਾਪਿਆਂ ਨੂੰ ਮਿਲਣ ਲਈ ਦੁਰਗਾਪੁਰ ਜਾ ਰਹੀ ਹੈ। ਇਸ ਦੌਰਾਨ ਰਾਜ ਦੇ ਸਿਹਤ ਵਿਭਾਗ ਨੇ ਸਨਿਚਰਵਾਰ ਨੂੰ ਦੁਰਗਾਪੁਰ ਦੇ ਨਿੱਜੀ ਮੈਡੀਕਲ ਕਾਲਜ ਤੋਂ ਰਿਪੋਰਟ ਮੰਗੀ ਹੈ।