ਦਿੱਲੀ ਐਨਸੀਆਰ ’ਚ ਪਟਾਕਿਆਂ ’ਤੇ ਰੋਕ ਲਗਾਉਣ ਦੇ ਪੱਖ ਨਹੀਂ ਹੈ ਸੁਪਰੀਮ ਕੋਰਟ
ਕੁਝ ਸ਼ਰਤਾਂ ਤਹਿਤ ਗ੍ਰੀਨ ਪਟਾਕੇ ਚਲਾਉਣ ਦੀ ਦਿੱਤੀ ਜਾ ਸਕਦੀ ਹੈ ਆਗਿਆ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੰਕੇਤ ਦਿੱਤੇ ਹਨ ਕਿ ਦਿੱਲੀ-ਐਨ.ਸੀ.ਆਰ. ’ਚ ਕੁੱਝ ਸ਼ਰਤਾਂ ਦੇ ਤਹਿਤ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਚੀਫ਼ ਜਸਟਿਸ ਬੀ.ਆਰ. ਗਵਈ ਦੀ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਪਟਾਕੇ ਚਲਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਨਾ ਤਾਂ ਵਿਵਹਾਰਕ ਹੈ ਅਤੇ ਨਾ ਹੀ ਆਦਰਸ਼ ਕਿਉਂਕਿ ਅਜਿਹੀਆਂ ਪਾਬੰਦੀਆਂ ਦੀ ਅਕਸਰ ਉਲੰਘਣਾ ਕੀਤੀ ਜਾਂਦੀ ਹੈ। ਸਾਲਿਸਿਟਰ ਜਨਰਲ ਨੇ ਕਿਹਾ ਕਿ ਬੱਚਿਆਂ ਨੂੰ ਧੂਮਧਾਮ ਨਾਲ ਤਿਉਹਾਰ ਮਨਾਉਣ ਦਿਓ।
ਇਸ ਮਾਮਲੇ ’ਚ ਬੈਲੈਂਸ ਬਣਾਈ ਰੱਖਣ ਦੀ ਜ਼ਰੂਰਤ ਹੈ। ਕੋਰਟ ਨੇ ਇਸ ਮਾਮਲੇ ’ਚ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਬੱਚਿਆਂ ਨੂੰ ਧੂਮਧਾਮਨਾਲ ਜਸ਼ਨ ਮਨਾਉਣ ਦਿਓ। ਇਸ ਦੌਰਾਨ ਚੀਫ਼ ਜਸਟਿਸ ਨੇ ਆਪਣੀ ਟਿੱਪਣੀ ’ਚ ਕਿਹਾ ਕਿ ਫ਼ਿਲਹਾਲ ਅਸੀਂ ਦੀਵਾਲੀ ਦੇ ਦੌਰਾਨ ਪਾਬੰਦੀ ’ਚ ਢਿੱਲ ਦੇਣ ਦੀ ਆਗਿਆ ਦੇਵਾਂਗੇ। ਅਦਾਲਤ ਨੇ 2018 ਤੋਂ ਲਾਗੂ ਪਾਬੰਦੀ ’ਤੇ ਪੁੱਛਿਆ ਕਿ ਇਸ ਨਾਲ ਹਵਾ ਪ੍ਰਦੂਸ਼ਣ ’ਚ ਸੁਧਾਰ ਹੋਇਆ ਹੈ। ਸਾਲਿਸਿਟਰ ਜਨਰਲ ਨੇ ਕਿਹਾ ਕਿ ਪ੍ਰਦੂਸ਼ਣ ਦਾ ਪੱਧਰ ਲਗਭਗ ਇਕੋ ਜਿਹਾ ਹੀ ਰਿਹਾ ਹੈ।
ਸਾਲਿਸਟਰ ਜਨਰਲ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਦੋ ਦਿਨ ਤਿਉਹਾਰ ਮਨਾਉਣ ਦੀ ਇਜਾਜ਼ਤ ਦਿੱਤੀ ਜਾਵੇ। ਦੀਵਾਲੀ, ਗੁਰੂਪੁਰਬ ਅਤੇ ਕ੍ਰਿਸਮਸ ਵਰਗੇ ਮੌਕਿਆਂ ’ਤੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਸਾਲਿਸਟਰ ਜਨਰਲ ਨੇ ਕਿਹਾ ਕਿ ਮੇਰੇ ਅੰਦਰ ਦਾ ਬੱਚਾ, ਤੁਹਾਡੇ ਅੰਦਰ ਦੇ ਬੱਚੇ ਨੂੰ ਬੇਨਤੀ ਕਰ ਰਿਹਾ ਹੈ ਕਿ ਕੁਝ ਦਿਨਾਂ ਲਈ ਕੋਈ ਸਮਾਂ ਸੀਮਾ ਨਹੀਂ ਹੋਣੀ ਚਾਹੀਦੀ। ਇਸ ’ਤੇ ਚੀਫ਼ ਜਸਟਿਸ ਨੇ ਕਿਹਾ ਕਿ ਅਜਿਹਾ ਸੰਤੁਲਨ ਹੋਣਾ ਚਾਹੀਦਾ ਹੈ ਜਿਸ ਨਾਲ ਵਾਤਾਵਰਣ ਹਿੱਤ ਅਤੇ ਰੋਜ਼ੀ-ਰੋਟੀ ਦੋਵਾਂ ਦੀ ਰੱਖਿਆ ਹੋਵੇ।