ਅਯੁੱਧਿਆ 'ਚ ਵਿਵਾਦਤ ਜਗ੍ਹਾ 'ਤੇ ਬਣੇ ਮਹਾਤਮਾ ਬੁੱਧ ਦਾ ਬੁੱਤ : ਭਾਜਪਾ ਸੰਸਦ ਮੈਂਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਵਿਤਰੀ ਬਾਈ ਫੁਲੇ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮ ਤੇ ਅਯੁੱਧਿਆ ਦੀ ਵਿਵਾਦਤ ਥਾਂ ਤੇ ਖੁਦਾਈ ਦੌਰਾਨ ਉਥੇ ਇਸ ਨਾਲ ਸਬੰਧਤ ਸਮੱਗਰੀ ਪ੍ਰਾਪਤ ਹੋਈ ਸੀ।

Savitri Bai Phule

ਉਤਰ ਪ੍ਰਦੇਸ਼ , ( ਭਾਸ਼ਾ ) : ਭਾਜਪਾ ਸੰਸਦ ਮੈਂਬਰ ਸਾਵਿਤਰੀ ਬਾਈ ਫੁਲੇ ਨੇ ਅਯੁੱਧਿਆ ਵਿਚ ਵਿਵਾਦਤ ਥਾਂ ਤੇ ਭਗਵਾਨ ਬੁੱਧ ਦਾ ਬੁੱਤ ਸਥਾਪਤ ਕਰਨ ਦੀ ਮੰਗ ਕੀਤੀ ਹੈ। ਉਤਰ ਪ੍ਰਦੇਸ਼ ਦੇ ਬਹਰਾਈਚ ਤੋਂ ਭਾਜਪਾ ਸੰਸਦ ਮੈਂਬਰ ਸਾਵਿਤਰੀ ਬਾਈ ਫੁਲੇ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮ ਤੇ ਅਯੁੱਧਿਆ ਦੀ ਵਿਵਾਦਤ ਥਾਂ ਤੇ ਜਦ ਖੁਦਾਈ ਕੀਤੀ ਗਈ ਸੀ ਤਾਂ ਖੁਦਾਈ ਦੌਰਾਨ ਉਥੇ ਇਸ ਨਾਲ ਸਬੰਧਤ ਸਮੱਗਰੀ ਪ੍ਰਾਪਤ ਹੋਈ ਸੀ। ਇਸ ਲਈ ਅਯੁੱਧਿਆ ਵਿਚ ਮਹਾਤਮਾ  ਬੁੱਧ ਦਾ ਹੀ ਬੁੱਤ ਸਥਾਪਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸਪੱਸ਼ਟ ਕਰਨਾ ਚਾਹੁੰਦੀ  ਹਾਂ ਕਿ ਬੁੱਧ ਦਾ ਭਾਰਤ ਸੀ।

ਅਯੱਧਿਆ ਬੁੱਧ ਦੀ ਜਗ੍ਹਾ ਹੈ। ਸੰਘ ਦੇ ਪ੍ਰਚਾਰਕ ਅਤੇ ਭਾਜਪਾ ਦੇ ਰਾਜਸਭਾ ਮੈਂਬਰ ਰਾਕੇਸ਼ ਸਿਨਹਾ ਵੱਲੋਂ ਰਾਮ ਮੰਦਰ ਦੀ ਉਸਾਰੀ ਦੇ ਪੱਖ ਵਿਚ ਇਕ ਨਿਜੀ ਬਿੱਲ ਲਿਆਏ ਜਾਣ ਸਬੰਧੀ ਸਵਾਲ ਤੇ ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਹੈ, ਜਿਸ ਵਿਚ ਸਾਰੇ ਧਰਮਾਂ ਦੀ ਸੁਰੱਖਿਆ ਦੀ ਗਾਰੰਟੀ ਦਿਤੀ ਗਈ ਹੈ ਸੰਵਿਧਾਨ ਦੇ ਅਧੀਨ ਹੀ ਦੇਸ਼ ਚਲਣਾ ਚਾਹੀਦਾ ਹੈ। ਸੰਸਦ ਜਾਂ ਵਿਧਾਇਕ ਨੂੰ ਵੀ ਸੰਵਿਧਾਨ ਅਧੀਨ ਹੀ ਚਲਣਾ ਚਾਹੀਦਾ ਹੈ।

ਭਾਜਪਾ ਸੰਸਦ ਮੈਂਬਰ ਸਾਵਿਤਰੀ ਬਾ​ਈ ਫੁਲੇ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦ ਸਾਧੂ-ਸੰਤ ਅਤੇ ਵੱਖ-ਵੱਖ ਕਥਿਤ ਹਿੰਦੂ ਸੰਗਠਨ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਕਾਨੂੰਨ ਬਣਾਉਣ ਤੇ ਲਗਾਤਾਰ ਸਰਕਾਰ ਤੇ ਦਬਾਅ ਪਾ ਰਹੇ ਹਨ। ਸੁਪਰੀਮ ਕੋਰਟ ਵੱਲੋਂ ਅਯੁੱਧਿਆ ਦੇ ਵਿਵਾਦਤ ਮਾਮਲੇ ਵਿਚ ਨਿਯਮਤ ਸੁਣਵਾਈ ਅਗਲੇ ਸਾਲ ਜਨਵਰੀ ਤੱਕ ਟਾਲ ਦਿਤੇ ਜਾਣ ਤੋਂ ਬਾਅਦ ਸ਼ੁਰੂ ਹੋਈ ਇਸ ਕੋਸ਼ਿਸ਼ ਤੋਂ ਬਾਅਦ ਭਾਪਜਾ ਨੇਤਾ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਲਗਾਤਾਰ ਬਿਆਨ ਦੇ ਰਹੇ ਹਨ।