ਸਾਬਕਾ ਚੋਣ ਕਮਿਸ਼ਨਰ ਟੀ.ਐਨ. ਸ਼ੇਸ਼ਨ ਦਾ ਦੇਹਾਂਤ
ਸਾਬਕਾ ਮੁੱਖ ਚੋਣ ਕਮਿਸ਼ਨਰ ਟੀ.ਐਨ. ਸ਼ੇਸ਼ਨ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ।
ਚੇਨਈ: ਸਾਬਕਾ ਮੁੱਖ ਚੋਣ ਕਮਿਸ਼ਨਰ ਟੀ.ਐਨ. ਸ਼ੇਸ਼ਨ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 87 ਵਰ੍ਹਿਆਂ ਦੇ ਸਨ। ਉਨ੍ਹਾਂ ਨੇ ਚੇਨਈ ਵਿਚ ਆਖ਼ਰੀ ਸਾਹ ਲਿਆ। ਉਹ 12 ਦਸੰਬਰ 1990 ਤੋਂ 11 ਦਸੰਬਰ 1996 ਤਕ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ 'ਤੇ ਰਹੇ। ਸਾਬਕਾ ਮੁੱਖ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ਨੇ ਟਵਿਟਰ 'ਤੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਅਪਣੇ ਸਾਰੇ ਉੱਤਰਾਧਿਕਾਰੀਆਂ ਲਈ ਚੰਗੇ ਮਾਰਗ ਦਰਸ਼ਕ ਸਨ।
ਟੀ ਐਨ ਸ਼ੇਸ਼ਨ ਦੀ ਮੌਤ 'ਤੇ ਬਹੁਤ ਸਾਰੇ ਨੇਤਾਵਾਂ ਨੇ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਕੰਮਾਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਟਵੀਟ ਵਿਚ ਲਿਖਿਆ,'ਸ਼੍ਰੀ ਟੀ ਐਨ ਸ਼ੇਸ਼ਨ ਇਕ ਉੱਤਮ ਸਿਵਲ ਸੇਵਕ ਸਨ। ਉਨ੍ਹਾਂ ਨੇ ਪੂਰੀ ਲਗਨ ਨਾਲ ਭਾਰਤ ਦੀ ਸੇਵਾ ਕੀਤੀ। ਚੋਣ ਸੁਧਾਰਾਂ ਪ੍ਰਤੀ ਉਨ੍ਹਾਂ ਦੇ ਯਤਨਾਂ ਨੇ ਸਾਡੇ ਲੋਕਤੰਤਰ ਨੂੰ ਹੋਰ ਮਜ਼ਬੂਤ ਅਤੇ ਭਾਗੀਦਾਰ ਬਣਾਇਆ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ'।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟੀ ਐਨ ਸ਼ੇਸ਼ਨ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਕ ਟਵੀਟ ਵਿਚ ਲਿਖਿਆ, ‘ਮੈਂ ਸਾਬਕਾ ਮੁੱਖ ਚੋਣ ਕਮਿਸ਼ਨਰ ਸ੍ਰੀ ਟੀ ਐਨ ਸ਼ੇਸ਼ਨ ਜੀ ਦੀ ਮੌਤ ਤੋਂ ਦੁਖੀ ਹਾਂ। ਉਨ੍ਹਾਂ ਨੇ ਭਾਰਤ ਦੀ ਚੋਣ ਪ੍ਰਕਿਰਿਆ ਨੂੰ ਸੁਧਾਰਨ ਅਤੇ ਇਸ ਨੂੰ ਮਜ਼ਬੂਤ ਕਰਨ ਵਿਚ ਤਬਦੀਲੀ ਲਿਆਂਦੀ ਹੈ। ਦੇਸ਼ ਉਨ੍ਹਾਂ ਨੂੰ ਹਮੇਸ਼ਾਂ ਲੋਕਤੰਤਰ ਦੇ ਪਹਿਰੇਦਾਰ ਵਜੋਂ ਯਾਦ ਰੱਖੇਗਾ। ਇਸ ਦੇ ਨਾਲ ਹੀ ਮਮਤਾ ਬੈਨਰਜੀ ਅਤੇ ਨਿਤਿਨ ਗਡਕਰੀ ਨੇ ਵੀ ਟਵੀਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।