ਅਰਨਬ ਗੋਸਵਾਮੀ ਜੇਲ੍ਹ 'ਚ ਵੀ ਕਰ ਰਹੇ ਸੀ ਫੋਨ ਦੀ ਵਰਤੋਂ, ਹੁਣ ਤਲੋਜਾ ਜੇਲ੍ਹ 'ਚ ਕੀਤਾ ਭਰਤੀ! 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰਨਬ ਗੋਸਵਾਮੀ ਨੇ ਜੇਲ੍ਹਰ 'ਤੇ ਲਗਾਏ ਕੁੱਟਮਾਰ ਦੇ ਦੋਸ਼ 

Arnab Goswami shifted to Taloja jail for using mobile phone in custody

ਮੁੰਬਈ- ਰਿਪਬਲਿਕ ਟੀਵੀ ਦੇ ਸੰਪਾਦਕ-ਪ੍ਰਮੁੱਖ ਅਰਨਬ ਗੋਸਵਾਮੀ ਨੂੰ ਐਤਵਾਰ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੀ ਅਲੀਬਾਗ ਕੁਆਰੰਟੀਨ ਸੈਂਟਰ ਤੋਂ ਤਲੋਜਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ। ਦੱਸ ਦਈਏ ਕਿ ਅਰਨਬ ਨੂੰ ਇੱਕ ਇੰਟੀਰਿਅਰ ਡਿਜ਼ਾਈਨਰ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਰਾਏਗੜ੍ਹ ਜ਼ਿਲ੍ਹੇ ਦੀ ਅਲੀਬਾਗ ਜੇਲ੍ਹ ਲਈ ਕੋਵਿਡ -19 ਸੈਂਟਰ ਵਜੋਂ ਸਥਾਪਤ ਇਕ ਸਥਾਨਕ ਸਕੂਲ ਵਿਚ ਨਿਆਇਕ ਹਿਰਾਸਤ ਦੌਰਾਨ ਅਰਨਬ ਗੋਸਵਾਮੀ ਨੂੰ ਕਥਿਤ ਤੌਰ 'ਤੇ ਫੋਨ ਦੀ ਵਰਤੋਂ ਕਰਦੇ ਪਾਇਆ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਤਲੋਜਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ।

ਅਧਿਕਾਰੀ ਨੇ ਦੱਸਿਆ ਕਿ ਰਾਏਗੜ੍ਹ ਕ੍ਰਾਈਮ ਬ੍ਰਾਂਚ ਨੇ ਗੋਸਵਾਮੀ ਨੂੰ ਕਿਸੇ ਹੋਰ ਦੇ ਮੋਬਾਈਲ ਫੋਨ ਦੀ ਵਰਤੋਂ ਕਰਦਿਆਂ ਸੋਸ਼ਲ ਮੀਡੀਆ ਉੱਤੇ ਐਕਟਿਵ ਪਾਇਆ ਸੀ। 4 ਨਵੰਬਰ ਨੂੰ ਹਿਰਾਸਤ ਵਿੱਚ ਲੈਂਦੇ ਸਮੇਂ ਪੁਲਿਸ ਨੇ ਗੋਸਵਾਮੀ ਦਾ ਨਿੱਜੀ ਫੋਨ ਜ਼ਬਤ ਕਰ ਲਿਆ ਸੀ। ਜਦ ਅਰਨਬ ਨੂੰ ਤਲੋਜਾ ਜੇਲ੍ਹ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਉਸ ਨੇ ਪੁਲਿਸ ਦੀ ਕਾਰ ਚੋਂ ਰੌਲਾ ਪਾਉਂਦੇ ਹੋਏ ਕਿਹਾ ਕਿ ਕਿ ਸ਼ਨੀਵਾਰ ਸ਼ਾਮ ਨੂੰ ਅਲੀਬਾਗ ਦੇ ਜੇਲ੍ਹਰ ਨੇ ਉਸ ਦੀ ਕੁੱਟਮਾਰ ਕੀਤੀ,

ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਸ ਨੂੰ ਆਪਣੇ ਵਕੀਲ ਨਾਲ ਗੱਲ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਇਸ ਦੌਰਾਨ, ਭਾਜਪਾ ਦੇ ਸਾਬਕਾ ਸੰਸਦ ਮੈਂਬਰ ਕਿਰੀਟ ਸੋਮਈਆ ਨੇ ਇੱਕ ਟਵੀਟ ਵਿੱਚ ਕਿਹਾ ਕਿ ਐਤਵਾਰ ਨੂੰ ਉਹ ਤਲੋਜਾ ਜੇਲ੍ਹ ਦੇ ਜੇਲਰ ਨੂੰ ਮਿਲੇ ਹਨ ਅਤੇ ਜੇਲ੍ਹਰ ਨੇ ਭਰੋਸਾ ਦਿੱਤਾ ਕਿ ਗੋਸਵਾਮੀ ਨੂੰ ਤੰਗ ਨਹੀਂ ਕੀਤਾ ਜਾਵੇਗਾ ਅਤੇ ਲੋੜੀਂਦੀ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ ਜਾਵੇਗੀ।