ਬਿਹਾਰ 'ਚ ਭਾਜਪਾ ਤੇ ਨਿਤੀਸ਼ ਕੁਮਾਰ ਦਾ ਰਾਜ ਬਰਕਰਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੇਜਸਵੀ ਦੀ ਆਰਜੇਡੀ ਬਣੀ ਸਭ ਤੋਂ ਵੱਡੀ ਪਾਰਟੀ, ਐਨਡੀਏ ਨੂੰ 125 ਤੇ ਮਹਾਂਗਠਜੋੜ ਨੂੰ 110 ਸੀਟਾਂ

ਪਟਨਾ ਵਿਚ ਭਾਜਪਾ ਅਤੇ ਨੀਤੀਸ਼ ਕੁਮਾਰ ਦੀ ਜਿੱਤ 'ਤੇ ਪਟਾਕੇ ਚਲਾ ਕੇ ਖ਼ੁਸ਼ੀ ਮਨਾਉਂਦੇ ਹੋਏ ਭਾਜਪਾ ਵਰਕਰ। ਫ਼ੋਟੋ ਪੀਟੀਆਈ


ਨਵੀਂ ਦਿੱਲੀ, 11 ਨਵੰਬਰ: ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 243 ਸੀਟਾਂ ਦੇ ਨਤੀਜੇ ਸਵੇਰੇ ਚਾਰ ਵਜੇ ਤੋਂ ਬਾਅਦ ਐਲਾਨੇ ਗਏ। ਨੈਸ਼ਨਲ ਡੈਮੋਕਰੇਟਿਕ ਗਠਜੋੜ (ਐਨਡੀਏ) ਨੂੰ ਇਸ ਚੋਣ ਵਿਚ ਸਪੱਸ਼ਟ ਬਹੁਮਤ ਮਿਲਿਆ ਹੈ। ਅਖ਼ੀਰ ਵਿਚ ਇਕ ਸੀਟ ਦਾ ਨਤੀਜਾ ਐਲਾਨਿਆ ਗਿਆ ਜਿਸ 'ਤੇ ਜਨਤਾ ਦਲ ਯੂਨਾਈਟਿਡ (ਜੇਡੀਯੂ) ਜੇਤੂ ਰਿਹਾ। ਐਨਡੀਏ ਨੂੰ 125 ਅਤੇ ਮਹਾਂਗਠਜੋੜ ਨੂੰ 110 ਸੀਟਾਂ ਮਿਲੀਆਂ ਹਨ। ਐਨਡੀਏ ਨੇ 125 ਸੀਟਾਂ ਜਿੱਤ ਕੇ ਬਹੁਮਤ ਦਾ ਜਾਦੂਈ ਅੰਕੜਾ ਹਾਸਲ ਕੀਤਾ। ਤੇਜਸਵੀ ਯਾਦਵ ਦੀ ਰਾਜਦ 75 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਭਾਜਪਾ 74 ਸੀਟਾਂ ਨਾਲ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ।

 
ਪਟਨਾ ਵਿਚ ਭਾਜਪਾ ਅਤੇ ਨੀਤੀਸ਼ ਕੁਮਾਰ ਦੀ ਜਿੱਤ 'ਤੇ ਪਟਾਕੇ ਚਲਾ ਕੇ ਖ਼ੁਸ਼ੀ ਮਨਾਉਂਦੇ ਹੋਏ ਭਾਜਪਾ ਵਰਕਰ। ਫ਼ੋਟੋ ਪੀਟੀਆਈ


ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਬਿਹਾਰ ਵਿਚ ਸੱਤਾਧਾਰੀ ਐਨਡੀਏ ਵਿਚ ਭਾਜਪਾ ਨੇ 74 ਸੀਟਾਂ, ਜੇਡੀਯੂ ਨੇ 43 ਸੀਟਾਂ, ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਨੇ ਚਾਰ ਸੀਟਾਂ ਅਤੇ ਹਿੰਦੁਸਤਾਨੀ ਆਵਾਮ ਮੋਰਚਾ (ਐਚਏਐਮ) ਨੇ 4 ਸੀਟਾਂ ਜਿੱਤੀਆਂ।


ਦੂਜੇ ਪਾਸੇ ਵਿਰੋਧੀ ਮਹਾਂਗਠਜੋੜ ਵਿਚ ਸ਼ਾਮਲ ਆਰਜੇਡੀ ਨੇ 75 ਸੀਟਾਂ, ਕਾਂਗਕਸ ਨੇ 19 ਸੀਟਾਂ, ਸੀਪੀਆਈ ਐਮਐਲ ਨੇ 12 ਸੀਟਾਂ, ਸੀਪੀਆਈ ਅਤੇ ਮਾਕਪਾ ਨੇ ਦੋ-ਦੋ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਇਨ੍ਹਾਂ ਚੋਣਾਂ ਵਿਚ ਏਆਈਐਮਆਈਐਮ ਨੇ 5 ਸੀਟਾਂ, ਐਲਜੇਪੀ ਅਤੇ ਬਸਪਾ ਨੇ ਇਕ-ਇਕ ਸੀਟ ਜਿੱਤੀ ਹੈ। ਇਕ ਸੀਟ 'ਤੇ ਅਜ਼ਾਦ ਉਮੀਦਵਾਰ ਜਿੱਤਣ ਵਿਚ ਕਾਮਯਾਬ ਰਿਹਾ। (ਏਜੰਸੀ)



ਬਿਹਾਰ 'ਚ 7 ਲੱਖ ਤੋਂਵੱਧ ਵੋਟਰਾਂ ਨੇ ਚੁਣਿਆ ਨੋਟਾ



ਨਵੀਂ ਦਿੱਲੀ, 11 ਨਵੰਬਰ: ਬਿਹਾਰ 'ਚ 7 ਲੱਖ ਤੋਂ ਵੱਧ ਵੋਟਰਾਂ ਨੇ ਵਿਧਾਨ ਸਭਾ ਚੋਣਾਂ 'ਚ 'ਇਨ੍ਹਾਂ 'ਚੋਂ ਕੋਈ ਨਹੀਂ' ਜਾਂ ਨੋਟਾ ਦਾ ਵਿਕਲਪ ਚੁਣਿਆ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਦਿਤੀ। ਬਿਹਾਰ 'ਚ ਬੁਧਵਾਰ ਨੂੰ ਨਿਤੀਸ਼ ਕੁਮਾਰ ਦੀ ਅਗਵਾਈ 'ਚ ਰਾਜਗ ਮੁੜ ਤੋਂ ਸੱਤਾ 'ਚ ਵਾਪਸ ਆਈ ਹੈ। ਸੱਤਾਧਾਰੀ ਗਠਜੋੜ ਨੇ 243 ਮੈਂਬਰੀ ਵਿਧਾਨ ਸਭਾ 'ਚ 125 ਸੀਟਾਂ 'ਤੇ ਜਿੱਤ ਦਰਜ ਕੀਤੀ ਜਦਕਿ ਵਿਰੋਧੀ ਮਹਾਂਗਠਜੋੜ ਨੂੰ 110 ਸੀਟਾਂ ਹਾਸਲ ਹੋਈਆਂ ਜਿਸ ਨਾਲ ਕੁਮਾਰ ਲਗਾਤਾਰ ਚੌਥੀ ਵਾਰ ਬਿਹਾਰ ਦੀ ਸੱਤਾ ਸੰਭਾਲਣਗੇ। ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ 7 ਲੱਖ 6 ਹਜ਼ਾਰ 252 ਲੋਕਾਂ ਨੇ ਜਾਂ 1.7 ਫ਼ੀਸਦੀ ਵੋਟਰਾਂ ਨੇ ਨੋਟਾ ਦੇ ਵਿਕਲਪ ਨੂੰ ਚੁਣਿਆ ਜਿਸ ਅਧੀਨ ਉਨ੍ਹਾਂ ਨੇ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕੀਤਾ। ਤਿੰਨ ਗੇੜਾਂ 'ਚ ਹੋਈਆਂ ਚੋਣਾਂ 'ਚ 4 ਕਰੋੜ ਤੋਂ ਵੱਧ ਵੋਟਰਾਂ ਨੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
7 ਕਰੋੜ 30 ਲੱਖ ਤੋਂ ਵੱਧ ਵੋਟਰਾਂ 'ਚੋਂ 57.07 ਫ਼ੀਸਦੀ ਨੇ ਵੋਟਿੰਗ ਕੀਤੀ ਸੀ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨ 'ਚ ਨੋਟਾ ਦਾ ਵਿਕਲਪ 2013 'ਚ ਸ਼ੁਰੂ ਕੀਤਾ ਸੀ ਜਿਸ ਦਾ ਚੋਣ ਚਿੰਨ੍ਹ ਬੈਲੇਟ ਪੇਪਰ ਹੈ ਜਿਸ 'ਤੇ ਕਾਲੇ ਰੰਗ ਦਾ ਕ੍ਰਾਸ ਲੱਗਾ ਹੁੰਦਾ ਹੈ। ਸੁਪਰੀਮ ਕੋਰਟ ਦੇ ਸਤੰਬਰ 2013 ਦੇ ਇਕ ਹੁਕਮ ਤੋਂ ਬਾਅਦ ਚੋਣ ਕਮਿਸ਼ਨ ਨੇ ਈ.ਵੀ.ਐੱਮ. 'ਚ ਨੋਟਾ ਦਾ ਬਟਨ ਜੋੜਿਆ ਜਿਸ ਨੂੰ ਵੋਟਿੰਗ ਪੈਨਲ 'ਤੇ ਸਭ ਤੋਂ ਅੰਤਿਮ ਬਦਲ ਰਖਿਆ ਜਾਂਦਾ ਹੈ।
ਫਿਲਹਾਲ, ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਇਹ ਹੁਕਮ ਦੇਣ ਤੋਂ ਮਨ੍ਹਾ ਕਰ ਦਿਤਾ ਕਿ ਜੇਕਰ ਜ਼ਿਆਦਾਤਰ ਵੋਟਰਾਂ ਨੇ ਨੋਟਾ ਦਾ ਬਦਲ ਚੁਣਿਆ ਤਾਂ ਮੁੜ ਤੋਂ ਚੋਣਾਂ ਕਰਵਾਈਆਂ ਜਾਣਗੀਆਂ। ਬਿਹਾਰ 'ਚ ਕਈ ਸੀਟਾਂ 'ਤੇ ਉਮੀਦਵਾਰਾਂ ਦੇ ਜਿੱਤ ਦੇ ਅੰਤਰ ਨਾਲ ਵੱਧ ਵੋਟ ਨੋਟਾ ਨੂੰ ਪਏ। (ਏਜੰਸੀ)