ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ ਰੱਦ
14 ਨਵੰਬਰ ਨੂੰ ਆਉਣਾ ਸੀ ਸੋਨੂੰ ਸੂਦ ਦੇ ਸ਼ਹਿਰ ਮੋਗਾ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ ਰੱਦ ਹੋ ਗਿਆ ਹੈ। ਉਨ੍ਹਾਂ ਨੇ 14 ਨਵੰਬਰ ਨੂੰ ਮੋਗਾ ਦੇ ਦੌਰੇ 'ਤੇ ਪੰਜਾਬ ਆਉਣਾ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਮੋਗਾ ਦੌਰੇ ਦੌਰਾਨ ਕੇਜਰੀਵਾਲ ਪੰਜਾਬ ਲਈ ਤੀਜੀ ਗਰੰਟੀ ਸਕੀਮ ਦਾ ਐਲਾਨ ਕਰਨਗੇ। ਹੁਣ ਉਨ੍ਹਾਂ ਦੇ 18 ਨਵੰਬਰ ਨੂੰ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਕੇਜਰੀਵਾਲ ਪੰਜਾਬ ਦੇ ਕਈ ਦੌਰੇ ਕਰ ਚੁੱਕੇ ਹਨ। ਜਿਸ ਵਿੱਚ ਉਨ੍ਹਾਂ ਨੇ ਉਦਯੋਗ, ਵਪਾਰ ਅਤੇ ਵਣਜ ਦੇ ਵਿਕਾਸ ਲਈ 10 ਸੂਤਰੀ ਏਜੰਡੇ ਦਾ ਖੁਲਾਸਾ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਘਰੇਲੂ ਸੈਕਟਰ ਲਈ 300 ਯੂਨਿਟ ਮੁਫਤ ਬਿਜਲੀ ਅਤੇ ਟੈਰਿਫ ਘਟਾਉਣ ਦਾ ਵੀ ਐਲਾਨ ਕੀਤਾ ਹੈ। ਮੋਗਾ ਦੌਰੇ ਤੋਂ ਪਹਿਲਾਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਸਾਬਕਾ ਚੇਅਰਮੈਨ ਰਮਨ ਬਹਿਲ ਨੂੰ ਰਸਮੀ ਤੌਰ 'ਤੇ 'ਆਪ' 'ਚ ਸ਼ਾਮਲ ਕਰ ਲਿਆ ਗਿਆ ਹੈ।
ਪਾਰਟੀ ਵੱਲੋਂ ਗੁਰਦਾਸਪੁਰ ਸੀਟ ਤੋਂ ਉਨ੍ਹਾਂ ਦੀ ਉਮੀਦਵਾਰੀ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਕੇਜਰੀਵਾਲ ਦੇ ਨਵੰਬਰ ਮਹੀਨੇ ਹੋਣ ਵਾਲੇ ਪੰਜਾਬ ਦੌਰੇ ਬਾਰੇ ਦੱਸਿਆ ਗਿਆ ਹੈ ਕਿ 14 ਨਵੰਬਰ ਨੂੰ ਹੋਣ ਵਾਲੀ ਪ੍ਰਸਤਾਵਿਤ ਫੇਰੀ ਤਿੰਨ ਤੋਂ ਚਾਰ ਦਿਨਾਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਭਾਵੇਂ ਇੱਕ-ਦੋ ਦਿਨਾਂ ਵਿੱਚ ਸਹੀ ਤਰੀਕ ਦਾ ਐਲਾਨ ਹੋ ਜਾਵੇਗਾ, ਪਰ ਉਨ੍ਹਾਂ ਦੇ 18 ਨਵੰਬਰ ਨੂੰ ਪਹੁੰਚਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ ਆਮ ਆਦਮੀ ਪਾਰਟੀ ਤੋਂ ਨਾਰਾਜ਼ ਰੁਪਿੰਦਰ ਰੂਬੀ ‘ਆਪ’ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰੂਬੀ ਦੇ ਇਸ ਫੈਸਲੇ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਪੰਜਾਬ ਦੌਰਾ ਰੱਦ ਕਰ ਦਿੱਤਾ ਹੈ।