PM ਮੋਦੀ ਨੇ ਬੈਂਗਲੁਰੂ ਵਿਖੇ ਦੱਖਣੀ ਭਾਰਤ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਨੂੰ ਦਿੱਤੀ ਹਰੀ ਝੰਡੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- ਚੇਨਈ-ਮੈਸੂਰ ਵਿਚਕਾਰ ਸੰਪਰਕ ਦੇ ਨਾਲ-ਨਾਲ ਵਪਾਰਕ ਗਤੀਵਿਧੀਆਂ ਨੂੰ ਵੀ ਮਿਲੇਗਾ ਹੁਲਾਰਾ

PM Modi flagged off South India's first Vande Bharat Express train at Bangalore

ਚੇਨਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਆਪਣੇ ਚੋਣ ਦੌਰੇ ਤੋਂ ਬਾਅਦ ਦੱਖਣੀ ਭਾਰਤ ਦੇ ਦੌਰੇ 'ਤੇ ਹਨ। ਉਹ ਅੱਜ ਬੈਂਗਲੁਰੂ ਪਹੁੰਚੇ, ਜਿੱਥੇ ਰਾਜਪਾਲ ਥਾਵਰਚੰਦ ਗਹਿਲੋਤ, ਮੁੱਖ ਮੰਤਰੀ ਬਸਵਰਾਜ ਬੋਮਈ, ਕੇਂਦਰੀ ਮੰਤਰੀ ਅਤੇ ਭਾਜਪਾ ਦੇ ਧਾਰਵਾੜ ਸੰਸਦ ਪ੍ਰਹਿਲਾਦ ਜੋਸ਼ੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਥੇ ਬੈਂਗਲੁਰੂ ਵਿਖੇ ਪ੍ਰਧਾਨ ਮੰਤਰੀ ਮੋਦੀ ਨੇ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ। 

ਮੈਸੂਰ ਤੋਂ ਚੇਨਈ ਤੱਕ ਵੰਦੇ ਭਾਰਤ ਰੇਲਗੱਡੀ ਦੱਖਣੀ ਭਾਰਤ ਵਿੱਚ ਪਹਿਲੀ ਅਰਧ-ਹਾਈ ਸਪੀਡ ਰੇਲਗੱਡੀ ਹੋਵੇਗੀ। ਰੇਲਵੇ ਅਧਿਕਾਰੀਆਂ ਮੁਤਾਬਕ ਬੈਂਗਲੁਰੂ ਤੋਂ ਚੇਨਈ ਲਈ ਸ਼ਤਾਬਦੀ ਐਕਸਪ੍ਰੈਸ, ਬ੍ਰਿੰਦਾਵਨ ਐਕਸਪ੍ਰੈਸ ਅਤੇ ਚੇਨਈ ਮੇਲ ਵਰਗੀਆਂ ਕਈ ਟਰੇਨਾਂ ਹਨ। ਹਾਲਾਂਕਿ, ਇਸ ਲਾਈਨ ਦੀ ਸਪੀਡ ਅਤੇ ਸੁਵਿਧਾਵਾਂ ਦੇ ਮਾਮਲੇ ਵਿੱਚ ਆਪਣੇ ਆਪ ਵਿੱਚ ਇੱਕ ਵਿਲੱਖਣ ਰੇਲ ਹੋਵੇਗੀ। 

ਇਸ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੇਨਈ-ਮੈਸੂਰ ਵੰਦੇ ਭਾਰਤ ਐਕਸਪ੍ਰੈਸ ਆਪਸੀ ਸੰਪਰਕ ਦੇ ਨਾਲ-ਨਾਲ ਵਪਾਰਕ ਗਤੀਵਿਧੀਆਂ ਨੂੰ ਵੀ ਹੁਲਾਰਾ ਦੇਵੇਗੀ। ਇਹ 'ਜੀਵਨ ਦੀ ਸੌਖ' ਨੂੰ ਵੀ ਵਧਾਏਗਾ। ਉਨ੍ਹ ਕਿਹਾ ਕਿ ਬੈਂਗਲੁਰੂ  ਤੋਂ ਇਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਖੁਸ਼ੀ ਮਹਿਸੂਸ ਹੋ ਰਹੀ ਹੋਈ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਨਾਦਪ੍ਰਭੂ ਕੈਂਪੇਗੌੜਾ ਦੀ 108 ਫੁੱਟ ਦੀ ਮੂਰਤੀ ਦਾ ਵੀ ਉਦਘਾਟਨ ਕੀਤਾ। ਇਸ ਤੋਂ ਬਾਅਦ ਪੀਐਮ ਮੋਦੀ ਨੇ ਇੱਕ ਜਨ ਸਭਾ ਨੂੰ ਵੀ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਹੁਣ ਰੁਕ-ਰੁਕ ਕੇ ਨਹੀਂ ਚੱਲੇਗਾ। ਭਾਰਤ ਹੁਣ ਤੇਜ਼ ਦੌੜਨਾ ਚਾਹੁੰਦਾ ਹੈ। ਦੁਨੀਆ ਵਿੱਚ ਭਾਰਤ ਦੀ ਇੱਕ ਵੱਖਰੀ ਪਛਾਣ ਹੈ। ਆਉਣ ਵਾਲੇ 8-10 ਸਾਲਾਂ ਵਿੱਚ ਅਸੀਂ ਭਾਰਤੀ ਰੇਲਵੇ ਦੀ ਕਾਇਆ ਕਲਪ ਕਰਨ ਦਾ ਟੀਚਾ ਰੱਖ ਰਹੇ ਹਾਂ।