ਦੋ ਦਿਨਾਂ ਦੌਰੇ ’ਤੇ ਭੁਟਾਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
70ਵੇਂ ਜਨਮਦਿਨ ਸਮਾਰੋਹ ਵਿਚ ਵੀ ਸ਼ਾਮਿਲ ਹੋਣਗੇ
ਭੂਟਾਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ 'ਤੇ ਭੂਟਾਨ ਪਹੁੰਚੇ ਹਨ। ਭੂਟਾਨ ਦੀ ਰਾਜਧਾਨੀ ਥਿੰਪੂ ਦੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਭੂਟਾਨ ਸਰਕਾਰ ਦੇ ਕਈ ਸੀਨੀਅਰ ਮੰਤਰੀ ਅਤੇ ਉੱਚ ਅਧਿਕਾਰੀ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ 11-12 ਨਵੰਬਰ ਨੂੰ ਭੂਟਾਨ ਦਾ ਦੌਰਾ ਕਰਨਗੇ। ਇਹ ਦੌਰਾ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰੇਗਾ। ਪ੍ਰਧਾਨ ਮੰਤਰੀ ਮੋਦੀ ਭੂਟਾਨ ਦੇ ਚੌਥੇ ਰਾਜਾ ਜਿਗਮੇ ਸਿੰਗਯੇ ਵਾਂਗਚੁਕ ਦੇ 70ਵੇਂ ਜਨਮਦਿਨ ਸਮਾਰੋਹ ਵਿਚ ਵੀ ਸ਼ਾਮਿਲ ਹੋਣਗੇ।
ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਨੇ ਥਿੰਪੂ ਦੇ ਪਾਰੋ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇਕ ਪੋਸਟ ਵਿਚ ਟੋਬਗੇ ਨੇ ਲਿਖਿਆ ਕਿ ਮੈਂ ਆਪਣੇ ਵੱਡੇ ਭਰਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭੂਟਾਨ ਵਿਚ ਸਵਾਗਤ ਕਰਨ ਵਿਚ ਪੂਰੇ ਦੇਸ਼ ਨਾਲ ਸ਼ਾਮਿਲ ਹਾਂ।
ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯੇਲ ਵਾਂਗਚੁਕ ਅਤੇ ਪ੍ਰਧਾਨ ਮੰਤਰੀ ਟੋਬਗੇ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅਤੇ ਭੂਟਾਨ ਦੇ ਰਾਜਾ ਵਾਂਗਚੁਕ ਭਾਰਤ ਅਤੇ ਭੂਟਾਨ ਦੁਆਰਾ ਸਾਂਝੇ ਤੌਰ 'ਤੇ ਵਿਕਸਤ ਕੀਤੇ ਗਏ 1020 ਮੈਗਾਵਾਟ ਪੁਨਾਤਸਾਂਗਚੂ-II ਪਣਬਿਜਲੀ ਪ੍ਰੋਜੈਕਟ ਦਾ ਉਦਘਾਟਨ ਕਰਨਗੇ।