ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਦਿਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਅੱਜ ਵਿਅਕਤੀਗਤ ਕਾਰਨਾਂ ਦਾ ਹਵਾਲਾ ਦਿੰਦਿਆਂ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ...

Urjit Patel

ਨਵੀਂ ਦਿੱਲੀ, 11 ਦਸੰਬਰ : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਅੱਜ ਵਿਅਕਤੀਗਤ ਕਾਰਨਾਂ ਦਾ ਹਵਾਲਾ ਦਿੰਦਿਆਂ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਪਿਛਲੇ ਕੁੱਝ ਸਮੇਂ ਤੋਂ ਕੇਂਦਰੀ ਬੈਂਕ ਦੀ ਖ਼ੁਦਮੁਖ਼ਤਿਆਰੀ ਸਬੰਧੀ ਉਨ੍ਹਾਂ ਅਤੇ ਸਰਕਾਰ ਵਿਚਕਾਰ ਤਣਾਅ ਪੈਦਾ ਹੋ ਗਿਆ ਸੀ। ਪਟੇਲ ਨੇ 5 ਸਤੰਬਰ 2016 ਨੂੰ ਆਰ.ਬੀ.ਆਈ. ਦੇ 24ਵੇਂ ਗਵਰਨਰ ਵਜੋਂ ਅਹੁਦਾ ਸੰਭਾਲਿਆ ਸੀ। 1992 ਤੋਂ ਬਾਅਦ ਰਿਜ਼ਰਵ ਬੈਂਕ ਦੇ ਗਵਰਨਰ ਦਾ ਇਹ ਸੱਭ ਤੋਂ ਛੋਟਾ ਕਾਰਜਕਾਲ ਰਿਹਾ।

ਉਹ ਰਘੂਰਾਮ ਰਾਜਨ ਤੋਂ ਬਾਅਦ ਗਵਰਨਰ ਥਾਪੇ ਗਏ ਸਨ। ਪਟੇਲ ਨੇ ਇਕ ਲਿਖਤੀ ਬਿਆਨ ਵਿਚ ਕਿਹਾ ਕਿ ਉਹ ਤਤਕਾਲ ਪ੍ਰਭਾਵਾਂ ਨਾਲ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਿਜ਼ਰਵ ਬੈਂਕ ਵਿਚ ਵੱਖ ਵੱਖ ਅਹੁਦਿਆਂ 'ਤੇ ਕੰਮ ਕਰਨ ਦਾ ਮੌਕਾ ਮਿਲਿਆ। ਅਪਣੇ ਸਹਿਯੋਗੀਆਂ ਅਤੇ ਰਿਜ਼ਰਵ ਬੈਂਕ ਦੇ ਕੇਂਦਰੀ ਬੋਰਡ  ਦੇ ਡਾਇਰੈਕਟਰਾਂ ਪ੍ਰਤੀ ਧਨਵਾਦ ਜ਼ਾਹਰ ਕਰਦਿਆਂ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਉਮੀਦ ਪ੍ਰਗਟਾਈ। ਕੇਂਦਰ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਹੀ ਉਰਜਿਤ ਪਟੇਲ ਨੂੰ ਇਸ ਅਹੁਦੇ 'ਤੇ ਬਿਠਾਇਆ ਸੀ।

ਇਸ ਤੋਂ ਪਹਿਲਾਂ ਸਰਕਾਰ ਨੇ ਸਾਬਕਾ ਗਵਰਨਰ ਰਘੂਰਾਮ ਰਾਜਨ ਦਾ ਕਾਰਜਕਾਲ ਵਧਾਉਣ ਤੋਂ ਇਨਕਾਰ ਕਰ ਦਿਤਾ ਸੀ। ਸਰਕਾਰ ਅਤੇ ਰਿਜ਼ਰਵ ਬੈਂਕ ਵਿਚਕਾਰ ਕਈ ਮੁੱਦਿਆਂ 'ਤੇ ਵਿਚਾਰਾਂ 'ਚ ਫ਼ਰਕ ਹੋਣ ਕਾਰਨ ਪਟੇਲ ਨੂੰ ਸਰਕਾਰ ਵਲੋਂ ਰਿਜ਼ਰਵ ਬੈਂਕ ਦੀ ਇਕ ਸ਼ਰਤ ਦੇ ਪਹਿਲੀ ਵਾਰ ਕੀਤੇ ਜ਼ਿਕਰ ਦਾ ਸਾਹਮਣਾ ਕਰਨਾ ਪਿਆ ਸੀ। ਰਿਜ਼ਰਵ ਬੈਂਕ ਕਾਨੂੰਨ ਦੀ ਧਾਰਾ ਸੱਤ ਦੇ ਪ੍ਰਯੋਗ ਦੀ ਚਰਚਾ ਸ਼ੁਰੂ ਹੋਣ ਸਮੇਂ ਤੋਂ ਹੀ ਕਿਆਸੇ ਚਲ ਰਹੇ ਸਨ ਕਿ ਪਟੇਲ ਅਸਤੀਫ਼ਾ ਦੇ ਸਕਦ ਹਨ। ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਕਰਜ਼ਾ ਦੇਣ 'ਚ ਨਰਮੀ ਲਿਆਉਣਾ,

ਕੇਂਦਰੀ ਬੈਂਕ ਕੋਲ ਪਏ ਰਾਖਵੇਂ ਪੈਸੇ ਦੇ ਢੁਕਵੇਂ ਪੱਧਰ ਅਤੇ ਕਮਜ਼ੋਰ ਬੈਂਕਾਂ 'ਤ ਕਰਜ਼ਾ ਕਾਰੋਬਾਰ ਦੀ ਪਾਬੰਦੀ ਵਰਗੇ ਮੁੱਦਿਆਂ ਨੂੰ ਲੈ ਕੇ ਸਰਕਾਰ ਅਤੇ ਰਿਜ਼ਰਵ ਬੈਂਕ ਵਿਚਕਾਰ ਪਿਛਲੇ ਕੁੱਝ ਸਮੇਂ ਤੋਂ ਕਸ਼ਮਕਸ਼ ਚਲ ਰਹੀ ਸੀ। ਪਟੇਲ ਦੇ ਅਸਤੀਫ਼ਾ ਦੇਣ ਮਗਰੋਂ ਕਾਂਗਰਸ ਨੇ ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਦਿਆਂ ਦੋਸ਼ ਲਾਇਆ ਕਿ ਇਸ ਸਰਕਾਰ ਨੇ ਆਰ.ਬੀ.ਆਈ. ਦੇ ਰੂਪ ਵਿਚ ਇਕ ਹੋਰ ਸੰਸਥਾ ਦੀ ਸ਼ਾਨ ਨੂੰ ਧੁੰਦਲਾ ਕਰ ਦਿਤਾ ਹੈ। ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ 'ਆਰਥਕ ਅਰਾਜਕਤਾ', ਭਾਰਤ ਦੀ ਮੁਦਰਾ ਨੀਤੀ ਨਾਲ ਸਮਝੌਤਾ ਕਰਨਾ ਅਤੇ ਆਰਬੀਆਈ ਦੀ ਸੁਤੰਤਰਤਾ ਦੀ ਦੁਰਵਰਤੋਂ ਕਰਨਾ 'ਭਾਜਪਾ ਦਾ ਡੀਐਨਏ' ਬਣ ਗਿਆ ਹੈ।

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ ਕਿ ਆਰਥਕ ਅਰਾਜਕਤਾ, ਭਾਰਤ ਦੀ ਮੁਦਰਾ ਨੀਤੀ ਨਾਲ ਸਮਝੌਤਾ ਅਤੇ ਸਰਕਾਰ ਵਲੋਂ ਨਿਯੁਕਤ ਕਠਪੁਤਲੀਆਂ ਜ਼ਰੀਏ ਆਰਬੀਆਈ ਦੀ ਸੁਤੰਤਰਤਾ 'ਤੇ ਜ਼ੁਲਮ ਕਰਨਾ ਭਾਜਪਾ ਦੇ ਡੀ.ਐਨ.ਏ. ਵਿਚ ਹੈ। ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਉਰਜਿਤ ਪਟੇਲ ਦੇ ਅਸਤੀਫ਼ੇ 'ਤੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ 'ਹਰ ਭਾਰਤੀ' ਨੂੰ ਇਸ 'ਤੇ ਚਿੰਤਤ ਹੋਣਾ ਚਾਹੀਦਾ ਹੈ ਕਿਉਂਕਿ ਆਰਥਕ ਵਿਕਾਸ ਲਈ ਸੰਸਥਾਵਾਂ ਦੀ ਮਜਬੂਤੀ ਜ਼ਰੂਰੀ ਹੈ।

 ਰਾਜਨ ਨੇ ਇਕ ਟੀਵੀ ਚੈਨਲ 'ਤੇ ਸੰਬੋਧਨ ਕਰਦਿਆਂ ਕਿਹਾ, ''ਮੇਰਾ ਮੰਨਣਾ ਹੈ ਕਿ ਡਾ. ਪਟੇਲ ਨੇ ਅਪਣਾ ਬਿਆਨ ਦੇ ਦਿਤਾ ਹੈ ਅਤੇ ਮੈਂ ਸਮਝਦਾ ਹਾਂ ਕਿ ਕੋਈ ਰੈਗੂਲੇਟਰ ਅਤੇ ਜਨ ਸੇਵਕ ਇਹੀ ਆਖ਼ਰੀ ਬਿਆਨ ਦੇ ਸਕਦਾ ਹੈ। ਮੇਰਾ ਮੰਨਣਾ ਹੈ ਕਿ ਬਿਆਨ ਦਾ ਸਤਿਕਾਰ ਹੋਣਾ ਚਾਹੀਦਾ ਹੈ।'' ਉਨ੍ਹਾਂ ਕਿਹਾ ਕਿ ਸਾਨੂੰ ਇਸ ਦੇ ਵਿਸਥਾਰ ਵਿਚ ਜਾਣਾ ਚਾਹੀਦੈ ਕਿ ਇਹ ਅੜਚਣ ਕਿਉਂ ਬਣਿਆ। ਕਿਹੜੀ ਵਜ੍ਹਾ ਰਹੀ ਜਿਸ ਕਾਰਨ ਇਹ ਕਦਮ ਚੁੱਕਣਾ ਪਿਆ। (ਪੀਟੀਆਈ)