ਉਦੋਂ ਉੱਠ ਕੇ ਜਾਵਾਂਗੇ ਜਦੋਂ ਕਾਲੇ ਕਾਨੂੰਨ ਵਾਪਸ ਲਏ ਜਾਣਗੇ- ਬਲਬੀਰ ਸਿੰਘ ਰਾਜੇਵਾਲ
ਰਾਜੇਵਾਲ ਨੇ ਕਿਹਾ- ਜਿਸ ਅੰਦੋਲਨ ਪਿੱਛੇ ਇੰਨੀ ਤਾਕਤ ਹੋਵੇ, ਉਸ ਨੂੰ ਕੋਈ ਤਾਕਤ ਨਹੀਂ ਹਰਾ ਸਕਦੀ
ਨਵੀਂ ਦਿੱਲੀ: ਰਾਜਧਾਨੀ ਵਿਚ ਸਿੰਘੂ ਬਾਰਡਰ ‘ਤੇ ਹਜ਼ਾਰਾ ਕਿਸਾਨ ਡਟੇ ਹੋਏ ਹਨ। ਕਿਸਾਨਾਂ ਦਾ ਜੋਸ਼ ਵਧਾਉਣ ਲਈ ਇੱਥੇ ਲਗਾਤਾਰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚ ਰਹੇ ਹਨ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਜਾਣਗੇ। ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਪਵੇਗਾ।
ਕਿਸਾਨਾਂ ਨਾਲ ਅਪਣੇ ਵਿਚਾਰ ਸਾਂਝੇ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਇਕੱਠ ਨੇ ਸਰਕਾਰ ਨੂੰ ਮਜਬੂਰ ਕੀਤਾ ਹੈ, ਇਸ ਲਈ ਬੀਤੇ ਦਿਨ ਹੋਈ ਪ੍ਰੈੱਸ ਕਾਨਫਰੰਸ ਵਿਚ ਰੇਲ ਮੰਤਰੀ ਤੇ ਖੇਤੀਬਾੜੀ ਮੰਤਰੀ ਥੋੜਾ ਸੱਚ ਬੋਲੇ ਹਨ। ਉਹਨਾਂ ਨੇ ਸਵਿਕਾਰਿਆ ਹੈ ਕਿ ਇਹ ਕਾਨੂੰਨ ਟਰੇਡ ਐਂਡ ਕਾਮਰਸ ਲਈ ਬਣਾਇਆ ਗਿਆ ਹੈ।
ਸਰਕਾਰ ਨੇ ਪਹਿਲੀ ਵਾਰ ਇਹ ਗੱਲ ਮੰਨੀ ਹੈ ਕਿ ਇਹ ਕਾਨੂੰਨ ਕਿਸਾਨਾਂ ਲਈ ਨਹੀਂ ਬਲਕਿ ਕਾਰਪੋਰੇਟ ਘਰਾਣਿਆਂ ਤੇ ਵਪਾਰੀਆਂ ਲਈ ਬਣਾਇਆ ਹੈ। ਉਹਨਾਂ ਦੱਸਿਆ ਕਿ ਬੈਠਕਾਂ ਦੌਰਾਨ ਕਿਸਾਨਾਂ ਨੇ ਸਰਕਾਰ ਕੋਲ ਜੋ ਵੀ ਮੁੱਦੇ ਚੁੱਕੇ ਸਰਕਾਰ ਉਹਨਾਂ ਵਿਚੋਂ ਕੁਝ ਮੁੱਦਿਆਂ ‘ਤੇ ਸੋਧਾਂ ਤਜਵੀਜ਼ ਕਰ ਰਹੀ ਹੈ। ਰਾਜੇਵਾਲ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਨੂੰ ਕਿਹਾ ਸੀ ਕਿ ਇਹਨਾਂ ਕਾਨੂੰਨਾਂ ਵਿਚ ਇੰਨੀਆਂ ਸੋਧਾਂ ਕਰਵਾ ਲਓ ਕਿ ਕੁਝ ਨਾ ਬਚੇ। ਪਰ ਇਹ ਨਾ ਕਹੋ ਕਿ ਕਾਨੂੰਨ ਵਾਪਸ ਲੈ ਲਓ।
ਰਾਜੇਵਾਲ ਨੇ ਕਿਹਾ ਕਿ ਜੇਕਰ ਅਸੀਂ ਇਹ ਕਾਨੂੰਨ ਮੰਨ ਵੀ ਲੈਂਦੇ ਹਾਂ ਤਾਂ ਸਾਡੀ ਬਨਿਆਦੀ ਮੰਗ ਉੱਥੇ ਹੀ ਰਹੇਗੀ। ਸੰਵਿਧਾਨ ਦੇ 7ਵੇਂ ਸ਼ਡਿਊਲ ਵਿਚ ਕੇਂਦਰ ਤੇ ਸੂਬਾ ਸਰਕਾਰਾਂ ਦੇ ਅਧਿਕਾਰ ਲਿਖੇ ਗਏ ਹਨ। ਉਸ ‘ਚ ਲਿਖਿਆ ਹੈ ਕਿ ਖੇਤੀ ਸੂਬੇ ਦਾ ਵਿਸ਼ਾ ਹੈ, ਇਸ ਵਿਚ ਕੇਂਦਰ ਦਖਲ ਨਹੀਂ ਦੇ ਸਕਦੀ। ਸਰਕਾਰ ਨੇ ਇਹ ਕਾਨੂੰਨ ਵਪਾਰ ਲਈ ਬਣਾਇਆ ਹੈ ਤੇ ਕਿਸਾਨ ਵਪਾਰ ਨਹੀਂ ਕਰਦਾ।
ਕਿਸਾਨ ਅਪਣੀ ਫਸਲ ਵੇਚਣ ਮੰਡੀ ‘ਚ ਜਾਂਦਾ ਹੈ ਤੇ ਮਾਰਕੀਟਿੰਗ ਕਰਦਾ ਹੈ। ਮਾਰਕੀਟਿੰਗ ਵੀ ਰਾਜਾਂ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਜੇਕਰ ਸੋਧਾਂ ਮੰਨ ਵੀ ਲਈਆਂ ਜਾਂਦੀਆਂ ਹਨ ਤਾਂ ਇਹਨਾਂ ਨੂੰ ਕਦੀ ਵੀ ਹਟਾਇਆ ਜਾ ਸਕਦਾ ਹੈ ਤੇ ਇੰਨੀ ਵੱਡੀ ਲੜਾਈ ਵਾਰ-ਵਾਰ ਨਹੀਂ ਵਿੱਡੀ ਜਾਵੇਗੀ। ਰਾਜੇਵਾਲ ਨੇ ਕਿਹਾ ਕਿ ਸਾਡੀਆਂ ਮੰਗਾਂ ਸਪੱਸ਼ਟ ਹਨ ਕਿ ਜਿਸ ਵਿਸ਼ੇ ‘ਤੇ ਕੇਂਦਰ ਸਰਕਾਰ ਕਾਨੂੰਨ ਬਣਾ ਹੀ ਨਹੀਂ ਸਕਦੀ, ਉਹ ਕਾਨੂੰਨ ਕਿਉਂ ਰੱਖਿਆ ਗਿਆ। ਇਹ ਕਾਨੂੰਨ ਦੀ ਉਲੰਘਣਾ ਹੈ, ਸਰਕਾਰ ਇਹ ਕਾਨੂੰਨ ਵਾਪਸ ਲੈ ਕੇ ਅਪਣੀ ਗਲਤੀ ਵਿਚ ਸੁਧਾਰ ਕਰੇ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਕਿਸਾਨ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਨੂੰ ਅੱਗੇ ਵਧਾ ਰਹੇ ਨੇ ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ ਸੰਘਰਸ਼ ‘ਤੇ ਹਨ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਵਸਦੇ ਪੰਜਾਬੀ ਭਰਾ ਅਪਣੇ ਕਿਸਾਨ ਭਰਾਵਾਂ ਦੀਆਂ ਮੰਗਾਂ ਲਈ ਵਿਦੇਸ਼ਾਂ ਵਿਚ ਮੁਜ਼ਾਹਰੇ ਕਰ ਰਹੇ ਹਨ। ਵੱਖ-ਵੱਖ ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿਚ ਇਹ ਮੁੱਦਾ ਚੁੱਕਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਹ ਪ੍ਰਦਰਸ਼ਨ ਵਿਚ ਉਹੀ ਨੌਜਵਾਨ ਅੱਗੇ ਹੋ ਕੇ ਸ਼ਮੂਲੀਅਤ ਕਰ ਰਹੇ ਨੇ, ਜਿਨ੍ਹਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਜਾਂਦਾ ਹੈ। ਇਸ ਅੰਦੋਲਨ ਨੇ ਸਾਡੇ ਨੌਜਵਾਨਾਂ ‘ਤੇ ਲੱਗੇ ਕਲੰਕ ਨੂੰ ਲਾਹ ਦਿੱਤਾ। ਉਹਨਾਂ ਦੱਸਿਆ ਕਿ ਹਰਿਆਣਾ ਤੋਂ ਇਲਾਵਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਰਾਜਸਥਾਨ ਤੋਂ ਵੀ ਕਿਸਾਨ ਭਰਾ ਸਮਰਥਨ ਦੇ ਰਹੇ ਹਨ। ਇਸ ਅੰਦੋਲਨ ਵਿਚ ਸਾਰਾ ਦੇਸ਼ ਬਰਾਬਰ ਦਾ ਹਿੱਸੇਦਾਰ ਹੈ।