ਦੇਸ਼ ਦੀ ਨਵੀਂ ਕਿਸਮਤ ਲਿਖੇਗਾ ਇਹ ਕਿਸਾਨੀ ਅੰਦੋਲਨ- ਗੁਰਨਾਮ ਸਿੰਘ ਚੜੂਨੀ
ਗੁਰਨਾਮ ਸਿੰਘ ਚੜੂਨੀ ਸਿੰਘ ਨੇ ਕਿਹਾ ਪ੍ਰਮਾਤਮਾ ਦੇ ਇਸ਼ਾਰੇ ਨੂੰ ਨਹੀਂ ਸਮਝ ਰਹੀ ਮੋਦੀ ਸਰਕਾਰ
ਨਵੀਂ ਦਿੱਲੀ: ਹਰਿਆਣਾ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਦਿੱਲੀ ਦੇ ਸਿੰਘੂ ਬਾਰਡਰ ‘ਤੇ ਜਾਰੀ ਕਿਸਾਨੀ ਮੋਰਚੇ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਇਹ ਅੰਦੋਲਨ ਪੂਰੇ ਦੇਸ਼ ਵਿਚ ਗੂੰਜ ਰਿਹਾ ਹੈ ਤੇ ਦੇਸ਼ ਦਾ ਹਰ ਵਰਗ ਇਸ ਦਾ ਸਮਰਥਨ ਕਰ ਰਿਹਾ ਹੈ। ਗੁਰਨਾਮ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਨੂੰ ਅੰਗਰੇਜ਼ਾਂ ਨੇ ਨਹੀਂ ਬਲਕਿ ਦੇਸ਼ ਦੇ ਨੀਤੀਕਾਰਾਂ ਨੇ ਬਰਬਾਦ ਕੀਤਾ ਹੈ, ਜਿਸ ਦੇ ਚਲਦਿਆਂ ਬਹੁਤ ਹੀ ਗੰਭੀਰ ਸਥਿਤੀ ਪੈਦਾ ਹੋ ਚੁੱਕੀ ਹੈ।
ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਮੁੱਦ ਸਿਰਫ ਕਿਸਾਨਾਂ ਦਾ ਨਹੀਂ ਹੈ। ਦੇਸ਼ ਦੇ ਹਰ ਨਾਗਰਿਕ ਵਿਚ ਗੁੱਸਾ ਹੈ ਤੇ ਭਾਰਤ ਬੰਦ ਦੌਰਾਨ ਇਹ ਗੁੱਸਾ ਦੇਖਣ ਨੂੰ ਵੀ ਮਿਲਿਆ। ਜਿਨ੍ਹਾਂ ਦਾ ਖੇਤੀ ਨਾਲ ਕੋਈ ਸਬੰਧ ਨਹੀਂ ਹੈ, ਉਹ ਵੀ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਇਸ ਦਾ ਕਾਰਨ ਇਹੀ ਹੈ ਕਿ ਸਾਡਾ ਦੇਸ਼ ਅੱਜ ਭੁੱਖਮਰੀ ਦੀ ਸਥਿਤੀ ਵਿਚ 94ਵੇਂ ਨੰਬਰ ‘ਤੇ ਪਹੁੰਚ ਗਿਆ ਹੈ।
ਗੁਰਨਾਮ ਸਿੰਘ ਨੇ ਕਿਹਾ ਕਿ ਦੇਸ਼ ਦੇ ਸਾਰੇ ਕਿਸਾਨਾਂ ਦੇ ਕੁੱਲ ਕਰਜ਼ੇ ਦੇ ਬਰਾਬਰ ਦੇਸ਼ ਦੇ ਇਕ ਹੀ ਵਿਅਕਤੀ ਦੀ ਆਮਦਨ ਹੈ। ਇਹੀ ਦੇਸ਼ ਵਿਚ ਮੰਦੀ ਦਾ ਕਾਰਨ ਹੈ। ਉਹਨਾਂ ਕਿਹਾ ਜਦੋਂ ਕਿਸਾਨ ਨੂੰ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਕਹਿੰਦੀ ਹੈ ਕਿ ਉਹਨਾਂ ਕੋਲ ਪੈਸੇ ਨਹੀਂ ਹਨ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਵਾਰ-ਵਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਕਾਨੂੰਨ ਸਮਝ ਨਹੀਂ ਆ ਰਿਹਾ ਪਰ ਕਿਸਾਨ ਕਹਿ ਰਹੇ ਨੇ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਦਾ ਅੰਦੋਲਨ ਸਮਝ ਨਹੀਂ ਆ ਰਿਹਾ। ਉਹਨਾਂ ਕਿਹਾ ਕਿ ਇਹ ਸਾਡੇ ਵੱਲੋਂ ਚੁੱਕਿਆ ਗਿਆ ਅੰਦੋਲਨ ਨਹੀਂ ਹੈ ਬਲਕਿ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ, ਅੱਜ ਇਸ ਅੰਦੋਲਨ ਨੂੰ ਦੇਸ਼ਾਂ-ਵਿਦੇਸ਼ਾਂ ਤੋਂ ਸਹਿਯੋਗ ਮਿਲ ਰਿਹਾ ਹੈ।
ਇਹ ਸਭ ਉਸ ਮਾਲਕ ਦੀ ਰਹਿਮਤ ਹੈ। ਪਰ ਸਰਕਾਰ ਪ੍ਰਮਾਤਮਾ ਦੇ ਇਸ਼ਾਰੇ ਨੂੰ ਨਹੀਂ ਸਮਝ ਰਹੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਅੰਦੋਲਨ ਲੰਬਾ ਚੱਲੇਗਾ, ਕਿਉਂਕਿ ਸਰਕਾਰ ਅਪਣੀ ਗੱਲ ਤੋਂ ਅੱਗੇ ਨਹੀਂ ਵਧੀ, ਹਾਲੇ ਵੀ ਜ਼ਿੱਦ ‘ਤੇ ਬੈਠੀ ਹੈ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕੇ ਵਧ ਚੜ ਕੇ ਇਸ ਅੰਦੋਲਨ ਵਿਚ ਸਹਿਯੋਗ ਦੇਣ।
ਉਹਨਾਂ ਨੇ ਸੰਘਰਸ਼ ਵਿਚ ਸ਼ਾਮਲ ਨੌਜਵਾਨਾਂ ਨੂੰ ਕਿਹਾ ਕਿ ਅੰਦੋਲਨ ਨੂੰ ਆਪ ਮੁਹਾਰਾ ਨਾ ਬਣਇਆ ਜਾਵੇ, ਜੋ ਸੰਦੇਸ਼ ਸੰਯੁਕਤ ਕਮੇਟੀ ਵੱਲੋਂ ਜਾਰੀ ਕੀਤੇ ਜਾਣ, ਉਸ ਤੱਕ ਹੀ ਸੀਮਤ ਰਿਹਾ ਜਾਵੇ, ਉਸ ਤੋਂ ਅੱਗੇ ਨਾ ਵਧਿਆ ਜਾਵੇ। ਜੇਕਰ ਅੰਦੋਲਨ ਆਪ ਮੁਹਾਰਾ ਹੁੰਦਾ ਹੈ ਤਾਂ ਅੰਦੋਲਨ ਟੁੱਟ ਜਾਵੇਗਾ, ਜਿਵੇਂ ਜਾਟ ਅੰਦੋਲਨ ਟੁੱਟਿਆ ਸੀ। ਉਹਨਾਂ ਕਿਹਾ ਅਸੀਂ ਇੱਥੇ ਅੱਤਿਆਚਾਰ ਸਹਾਂਗੇ ਕਿਸੇ ‘ਤੇ ਅੱਤਿਆਚਾਰ ਕਰਾਂਗੇ ਨਹੀਂ। ਅੰਦੋਲਨ ਦਾ ਇਹੀ ਅਰਥ ਹੈ ਕਿ ਇੰਨਾ ਅੱਤਿਆਚਾਰ ਸਹੋ ਕੇ ਸਾਹਮਣੇ ਵਾਲੇ ਦੀ ਆਤਮਾ ਹਿੱਲ ਜਾਵੇ