ਕਿਸਾਨ ਅੰਦੋਲਨ ਦੌਰਾਨ ਮਦਦ ਕਰਨ ਵਾਲੇ ਸਥਾਨਕ ਲੋਕਾਂ ਨੂੰ ਸਨਮਾਨਤ ਕਰੇਗਾ ਕਿਸਾਨ ਮੋਰਚਾ
ਸਥਾਨਕ ਲੋਕਾਂ ਨੇ ਕਿਸਾਨਾਂ ਦੀ ਵੱਖ-ਵੱਖ ਤਰੀਕਿਆਂ ਨਾਲ ਕਾਫੀ ਮਦਦ ਕੀਤੀ।
ਨਵੀਂ ਦਿੱਲੀ : ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਸਥਾਨਕ ਲੋਕਾਂ ਦਾ ਸਨਮਾਨ ਕਰਨ ਦਾ ਫ਼ੈਸਲਾ ਲਿਆ ਹੈ ਜਿਨ੍ਹਾਂ ਨੇ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ’ਤੇ ਇਕ ਸਾਲ ਤੋਂ ਜ਼ਿਆਦਾ ਸਮੇਂ ਤਕ ਚਲੇ ਕਿਸਾਨ ਸੰਘਰਸ਼ ਦੌਰਾਨ ਉਨ੍ਹਾਂ ਦੀ ਮਦਦ ਕੀਤੀ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਕਿਸਾਨਾਂ ਦੀ ਵੱਖ-ਵੱਖ ਤਰੀਕਿਆਂ ਨਾਲ ਕਾਫੀ ਮਦਦ ਕੀਤੀ।
ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਵਲੋਂ ਕੀਤੀ ਗਈ ਮਦਦ ਵਿਚ ਘਰਾਂ ’ਚੋਂ ਬਿਜਲੀ, ਪਾਣੀ ਦੇ ਕੁਨੈਕਸ਼ਨ ਮੁਹਈਆ ਕਰਵਾਉਣੇ ਸ਼ਾਮਲ ਸਨ। ਉਨ੍ਹਾਂ ਕਿਹਾਕਿ ਹੁਣ ਸਮਾਂ ਅਜਿਹੇ ਲੋਕਾਂ ਪ੍ਰਤੀ ਅਪਣੇ ਵਲੋਂ ਧਨਵਾਦ ਪ੍ਰਗਟਾਉਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਦਾ ਹੈ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਨੂੰ ਲੰਮੇ ਸਮੇਂ ਤੋਂ ਜਾਰੀ ਅੰਦੋਲਨ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਸੀ।
ਕਿਸਾਨ ਆਗੂ ਅਤੇ ਐਸਕੇਐਮ ਦੀ ਅਧਿਕਾਰ ਪ੍ਰਾਪਤ ਕਮੇਟੀ ਦੇ ਮੈਂਬਰ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਅਸੀਂ ਅਜਿਹੇ ਸਥਾਨਕ ਲੋਕਾਂ ਦੀ ਸੂਚੀ ਤਿਆਰ ਕਰਨ ਲਈ ਇਕ ਕਮੇਟੀ ਬਣਾਈ ਹੈ ਤਾਕਿ ਅਸੀਂ ਉਨ੍ਹਾਂ ਦਾ ਸਨਮਾਨ ਕਰ ਸਕੀਏ। ਘਰ ਜਾਣ ਤੋਂ ਪਹਿਲਾਂ ਸਿੰਘੂ ਸਰਹੱਦ ’ਤੇ ਉਨ੍ਹਾਂ ਨੂੰ ਸਨਮਾਨਤ ਕਰਨ ਲਈ ਇਕ ਸਮਾਗਮ ਕੀਤਾ ਜਾਵੇਗਾ।
ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾਵਾਂਗੇ ਅਤੇ ਸ਼ਾਲ ਤੇ ਮਿਠਾਈ ਭੇਟ ਕਰਾਂਗੇ।’’ ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੇ ਸਾਡੀ ਬਿਜਲੀ ਅਤੇ ਪਾਣੀ ਦੀ ਪੂਰਤੀ ਰੋਕ ਦਿਤੀ ਸੀ ਤਾਂ ਇਨ੍ਹਾਂ ਸਥਾਨਕ ਲੋਕਾਂ ਨੇ ਹੀ ਸਾਡੀ ਮਦਦ ਕੀਤੀ ਸੀ ਤੇ ਅਪਣੇ ਘਰਾਂ ’ਚੋਂ ਬਿਜਲੀ, ਪਾਣੀ, ਟੈਂਟ ਲਈ ਥਾਂ ਤੇ ਭੋਜਨ ਦਾ ਪ੍ਰਬੰਧ ਕੀਤਾ ਸੀ।