ਯਮੁਨਾਨਗਰ 'ਚ ਔਰਤ ਨੇ ਕੀਤੀ ਖੁਦਕੁਸ਼ੀ: ਸਹੁਰੇ ਪਰਿਵਾਰ ਨੇ ਜ਼ਮੀਨ ਦੇਣ ਤੋਂ ਕੀਤੀ ਨਾਂਹ, ਨਿਗਲੀ ਸਲਫਾਸ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ
ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ ਦੇ ਜਗਾਧਰੀ ਸਥਿਤ ਮਨੋਹਰ ਕਾਲੋਨੀ 'ਚ 36 ਸਾਲਾ ਔਰਤ ਨੇ ਘਰ 'ਚ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਔਰਤ ਗੁਰਪ੍ਰੀਤ ਕੌਰ ਆਪਣੇ ਪਤੀ ਜਗਤਾਰ ਸਿੰਘ, ਧੀਆਂ ਤਲਵੀਨ ਕੌਰ ਅਤੇ ਅਨਮੋਲ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ।
ਸ਼ਨੀਵਾਰ ਦੇਰ ਸ਼ਾਮ ਉਸ ਨੇ ਆਪਣੇ ਘਰ ਦੀ ਛੱਤ 'ਤੇ ਜਾ ਕੇ ਸਲਫਾਸ ਨਿਗਲ ਲਈ ਅਤੇ ਫਿਰ ਪਰਿਵਾਰ ਨੂੰ ਦੱਸਿਆ ਕਿ ਜ਼ਮੀਨ ਨਾ ਹੋਣ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ ਹੈ। ਉਸ ਦੇ ਵਿਆਹ ਨੂੰ ਕਰੀਬ 17 ਤੋਂ 18 ਸਾਲ ਹੋ ਚੁੱਕੇ ਹਨ। ਉਦੋਂ ਤੋਂ ਹੀ ਉਸ ਦੀ ਸੱਸ-ਸਹੁਰਾ ਅਤੇ ਜੇਠ-ਜੇਠਾਨੀ ਨੇ ਉਸ ਨੂੰ ਜ਼ਮੀਨ ਦਾ ਕੋਈ ਹਿੱਸਾ ਨਹੀਂ ਦਿੱਤਾ।
ਸਹੁਰੇ ਪੱਖ ਦੇ ਲੋਕ ਉਸ ਨੂੰ ਲਗਾਤਾਰ ਤਾਅਨੇ ਮਾਰਦੇ ਸਨ ਅਤੇ ਕਹਿੰਦੇ ਸਨ ਕਿ ਉਸ ਦੀਆਂ ਦੋ ਹੀ ਧੀਆਂ ਹਨ। ਇਸ ਮਾਮਲੇ ਵਿੱਚ ਜ਼ਮੀਨ ਨਹੀਂ ਦਿੱਤੀ ਜਾਵੇਗੀ। ਪਰਿਵਾਰ ਦੇ ਤਾਅਨੇ-ਮਿਹਣਿਆਂ ਤੋਂ ਤੰਗ ਆ ਕੇ ਉਸ ਨੇ ਜ਼ਹਿਰ ਨਿਗਲ ਲਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਸਥਾਨਕ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਗੁਰਪ੍ਰੀਤ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦਕਿ ਗੁਰਪ੍ਰੀਤ ਦੀ ਬੇਟੀ ਗੁਰਵੀਨ ਅਤੇ ਅਨਮੋਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਨੇ ਦਾਦਾ, ਦਾਦੀ ਅਤੇ ਤਾਊ ਅਤੇ ਤਾਈ ਤੋਂ ਤੰਗ-ਪ੍ਰੇਸ਼ਾਨ ਹੋ ਕੇ ਅਜਿਹਾ ਕਦਮ ਚੁੱਕਿਆ ਹੈ। ਉਹ ਇਨਸਾਫ ਚਾਹੁੰਦੇ ਹਨ। ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਦਾ ਉਹ ਆਪਣੀ ਮਾਂ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਬੁਡੀਆ ਗੇਟ ਪੁਲਿਸ ਚੌਕੀ ਦੇ ਜਾਂਚ ਅਧਿਕਾਰੀ ਜਸਮੇਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ ਔਰਤ ਵਲੋਂ ਜ਼ਹਿਰ ਖਾਣ ਦੀ ਸੂਚਨਾ ਫੋਨ 'ਤੇ ਮਿਲੀ ਸੀ, ਜਿਸ ਦੇ ਆਧਾਰ 'ਤੇ ਉਹ ਹਸਪਤਾਲ ਪਹੁੰਚੇ। ਜਿੱਥੇ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।