ਬੇਟੀਆਂ ਦੇ ਨਾਮ ਦੀ ਨੇਮ ਪਲੇਟ ਲਗਾ ਕੇ ਦਿੰਦੇ ਹਨ ਤੋਹਫਾ, ਅਪਣੇ ਘਰ ਤੋਂ ਕੀਤੀ ਸੀ ਸ਼ੁਰੂਆਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਮੁਹਿੰਮ ਅਧੀਨ 1600 ਤੋਂ ਵੱਧ ਬੇਟੀਆਂ ਨੂੰ ਤੋਹਫੇ ਵਿਚ ਨੇਮ ਪਲੇਟ ਦੇ ਕੇ ਉਹਨਾਂ ਦੇ ਘਰ ਪਹੁੰਚ ਕੇ ਲਗਾ ਵੀ ਚੁੱਕੇ ਹਨ।

Gift of nameplate

ਬੈਤੂਲ : ਪੁਰਸ਼ ਪ੍ਰਧਾਨ ਸਮਾਜ ਵਿਚ ਕਿਸੇ ਘਰ ਦੀ ਪਛਾਣ ਬੇਟੀ ਦੇ ਨਾਮ 'ਤੇ ਹੋਵੇ ਇਸ ਦੇ ਲਈ ਬੈਤੂਲ ਦਾ ਇਕ ਨੌਜਵਾਨ ਬੀਤੇ ਤਿੰਨ ਸਾਲਾਂ ਤੋਂ ਮੁਹਿੰਮ ਚਲਾ ਰਿਹਾ ਹੈ। ਉਹ ਸਵੈ-ਖਰਚ 'ਤੇ ਬੇਟੀਆਂ ਦੀ ਨੇਮ ਪਲੇਟ ਬਣਾ ਕੇ ਉਹਨਾਂ ਦੇ ਘਰ ਪਹੁੰਚਾ ਕੇ ਉਹਨਾਂ ਨੂੰ ਤੋਹਫੇ ਦੇ ਤੋਰ 'ਤੇ ਦਿੰਦੇ ਹਨ। ਬੈਤੂਲ ਸ਼ਹਿਰ ਤੋਂ ਸ਼ੁਰੂ ਹੋਈ ਉਹਨਾਂ ਦੀ ਇਹ ਮੁਹਿੰਮ ਦੇਸ਼ ਦੇ 8 ਰਾਜਾਂ ਤੱਕ ਪਹੁੰਚ ਚੁਕੀ ਹੈ। ਹੁਣ ਤੱਕ ਉਹ ਕੁੱਲ 1600 ਤੋਂ ਵੱਧ ਨੇਮ ਪਲੇਟ ਲਗਾ ਚੁੱਕੇ ਹਨ।

ਸਦਰ ਖੇਤਰ ਦੇ ਰਹਿਣ ਵਾਲੇ ਅਨਿਲ ਯਾਦਵ ਦੀ ਸੋਚ ਹੈ ਕਿ ਸਮਾਜ ਵਿਚ ਮਹਿਲਾ ਅਤੇ ਪੁਰਸ਼ ਨੂੰ ਬਰਾਬਰੀ ਦਾ ਹੱਕ ਮਿਲਣਾ ਚਾਹੀਦਾ ਹੈ। ਇਸ ਲਈ ਉਹਨਾਂ ਨੇ ਸਮਾਜ ਦੀ ਰੀਤ ਨੂੰ ਤੋੜਦੇ ਹੋਏ ਫ਼ੈਸਲਾ ਲਿਆ ਕਿ ਕਿਸੇ ਵੀ ਪਰਵਾਰ ਵਿਚ ਬੇਟੀ ਦੇ ਜਨਮਦਿਨ 'ਤੇ ਤੋਹਫੇ ਦੇ ਤੌਰ 'ਤੇ ਉਸ ਦੇ ਨਾਮ ਦੀ ਬਣੀ ਹੋਈ ਨੇਮ ਪਲੇਟ ਦੇਣਗੇ ਅਤੇ ਖ਼ੁਦ ਉਸ ਦੇ ਘਰ ਲਗਾ ਕੇ ਆਉਣਗੇ। 2015 ਵਿਚ ਬੈਤੂਲ ਸ਼ਹਿਰ ਵਿਚ ਅਪਣੀ ਬੇਟੀ ਦੇ ਜਨਮਦਿਨ 'ਤੇ ਅਪਣੇ ਘਰ ਤੋਂ ਹੀ ਉਹਨਾਂ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।

ਬੇਟੀਆਂ ਨੂੰ ਵਖਰਾ ਵਜੂਦ ਦੇਣ ਵਾਲੀ ਅਪਣੀ ਇਸ ਮੁਹਿੰਮ ਨੂੰ ਅਨਿਲ ਪੂਰੇ ਦੇਸ਼ ਵਿਚ ਫੈਲਾਉਣਾ ਚਾਹੁੰਦੇ ਹਨ। ਹੁਣ ਤੱਕ ਉਹਨਾਂ ਦੀ  ਇਹ ਮੁਹਿੰਮ ਮੱਧ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਤੋਂ ਇਲਾਵਾ ਛੱਤੀਸਗੜ੍ਹ, ਹਰਿਆਣਾ, ਗੁਜਰਾਤ, ਦਿੱਲੀ ਅਤੇ ਪੰਜਾਬ ਦੇ ਕਈ ਰਾਜਾਂ ਤੱਕ ਪਹੁੰਚ ਚੁੱਕੀ ਹੈ। ਇਸ ਮੁਹਿੰਮ ਅਧੀਨ 1600 ਤੋਂ ਵੱਧ ਬੇਟੀਆਂ ਨੂੰ ਤੋਹਫੇ ਵਿਚ ਨੇਮ ਪਲੇਟ ਦੇ ਕੇ ਉਹਨਾਂ ਦੇ ਘਰ ਪਹੁੰਚ ਕੇ ਲਗਾ ਵੀ ਚੁੱਕੇ ਹਨ।

ਜ਼ਿਲ੍ਹਾ ਹੈਡਕੁਆਟਰ ਦੇ ਨੇੜੇ ਸਥਿਤ ਖੰਡਾਰਾ ਪਿੰਡ ਵਿਚ ਹਰ ਘਰ ਵਿਚ ਬੇਟੀ ਦੇ ਨਾਮ 'ਤੇ ਨੇਮ ਪਲੇਟ ਲਗ ਚੁੱਕੀ ਹੈ। ਇਸ ਪਿੰਡ ਦੇ ਲੋਕਾਂ ਨੇ ਇਹ ਵੀ ਐਲਾਨ ਕਰ ਦਿਤਾ ਹੈ ਕਿ ਹੁਣ ਪਿੰਡ ਦੀ ਹੀ ਕਿਸੇ ਹੁਨਰਮੰਦ ਬੇਟੀ ਦੇ ਨਾਮ 'ਤੇ ਪਿੰਡ ਦੇ ਮੰਗਲ ਭਵਨ ਦਾ ਨਾਮ ਵੀ ਰੱਖਿਆ ਜਾਵੇਗਾ। ਜਨਤਕ ਪ੍ਰਤੀਨਿਧੀ ਵੀ ਅਨਿਲ ਦੀ ਇਸ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹਨ ।