'ਦ ਐਕਸੀਡੈਂਟਲ ਪ੍ਰਾਈਮ ਮਨਿਸਟਰ' ਦਾ ਸਿੱਖਾਂ, ਕਾਂਗਰਸ ਤੇ ਅਕਾਲੀਆਂ ਵਲੋਂ ਭਾਰੀ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਦ ਐਕਸੀਡੈਂਟਲ ਪ੍ਰਾਈਮ ਮਨਿਸਟਰ' ਫ਼ਿਲਮ ਅੱਜ ਰੀਲੀਜ਼ ਹੋ ਗਈ.......

Protest

ਨਵੀਂ ਦਿੱਲੀ : 'ਦ ਐਕਸੀਡੈਂਟਲ ਪ੍ਰਾਈਮ ਮਨਿਸਟਰ' ਫ਼ਿਲਮ ਅੱਜ ਰੀਲੀਜ਼ ਹੋ ਗਈ। ਫ਼ਿਲਮ ਨੂੰ ਦੇਸ਼ ਭਰ ਵਿਚ ਸਿੱਖਾਂ, ਕਾਂਗਰਸੀਆਂ ਅਤੇ ਅਕਾਲੀਆਂ ਨੇ ਇਕ ਜਹੇ ਜੋਸ਼ ਨਾਲ ਰੱਦ ਕੀਤਾ ਅਤੇ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ। ਇਸ ਵਿਚ ਸਾਬਕਾ ਪ੍ਰਧਾਨ ਮੰਤਰੀ ਦਾ ਅਕਸ ਵਿਗਾੜ ਕੇ ਪੇਸ਼ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਕ ਝੁਡੂ ਲੀਡਰ, ਕੱਚੇ ਸਿੱਖ ਵਜੋਂ ਵਿਖਾਇਆ ਗਿਆ ਹੈ। ਮਕਸਦ ਬੀ.ਜੇ.ਪੀ. ਲੀਡਰਾਂ ਦੇ ਕਥਨਾਂ ਨੂੰ ਪਰਦੇ ਉਤੇ ਗ਼ਲਤ ਢੰਗ ਨਾਲ ਵਿਖਾ ਕੇ ਡਾ. ਮਨਮੋਹਨ ਸਿੰਘ ਨੂੰ ਬਦਨਾਮ ਕਰਨਾ ਹੈ। ਦੇਸ਼ ਭਰ ਵਿਚ ਰੀਲੀਜ਼ ਹੋਈ ਇਸ ਫ਼ਿਲਮ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਹਨ।

ਕਾਂਗਰਸ ਦੇ ਵਰਕਰਾਂ ਵਲੋਂ ਇਸ ਫ਼ਿਲਮ ਵਿਰੁਧ ਸਿਨੇਮਾ ਘਰਾਂ ਦੇ ਬਾਹਰ ਹੀ ਨਹੀਂ ਬਲਕਿ ਕਈ ਥਾਵਾਂ ਉਤੇ ਬੀਜੇਪੀ ਦਫ਼ਤਰਾਂ ਦੇ ਬਾਹਰ ਵੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਤੇ ਅਧਾਰਤ ਫ਼ਿਲਮ ਦੀ ਐਕਸੀਡੈਂਟਲ ਪ੍ਰਾਈਮ ਮਨਿਸਟਰ ਦੇ ਸਾਰੇ ਸ਼ੋਅ ਛੱਤੀਸਗੜ੍ਹ ਵਿਚ ਰੱਦ ਕਰ ਦਿਤੇ ਗਏ ਹਨ। ਛੱਤੀਸਗੜ੍ਹ ਸਰਕਾਰ ਨੇ ਸ਼ੁਕਰਵਾਰ ਨੂੰ ਇਸ ਦਾ ਹੁਕਮ ਜਾਰੀ ਕੀਤਾ। ਕਾਂਗਰਸ ਵਰਕਰਾਂ ਦਾ ਇਲਜ਼ਾਮ ਹੈ ਕਿ ਫ਼ਿਲਮ ਵਿਚ ਸਾਬਕਾ ਪ੍ਰਧਾਨ ਮੰਤਰੀ ਨੂੰ ਲੈ ਕੇ ਕੂੜ-ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਵਿਰੋਧ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਫ਼ਿਲਮ ਦੇ ਸਾਰੇ ਸ਼ੋਅ ਰੱਦ ਕਰਨ ਦਾ ਫ਼ੈਸਲਾ ਲਿਆ।

ਇਹ ਵੀ ਇਲਜ਼ਾਮ ਹਨ ਕਿ ਫ਼ਿਲਮ ਨਿਰਮਾਤਾਵਾਂ ਕਲਾਕਾਰਾਂ ਵਲੋਂ ਮਨਮੋਹਨ ਸਿੰਘ, ਕਾਂਗਰਸ ਚੇਅਰਪਰਸਨ ਰਾਹੁਲ ਗਾਂਧੀ ਅਤੇ ਉਹਨਾਂ ਦੀ ਮਾਂ ਸੋਨੀਆ ਗਾਂਧੀ ਦੀ ਜ਼ਿੰਦਗੀ, ਉਹਨਾਂ ਦੇ ਤੌਰ ਤਰੀਕਿਆਂ ਅਤੇ ਅਵਾਜ਼ ਨੂੰ ਪੇਸ਼ ਕਰਨ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਲਈ ਗਈ। ਇਸ ਫ਼ਿਲਮ ਨੂੰ ਲੈ ਕੇ ਸਿਨੇਮੈਟੋਗ੍ਰਾਫ਼ੀ ਐਕਟ ਦੀਆਂ ਤਜਵੀਜ਼ਾਂ ਦੀ ਉਲੰਘਣ ਦੇ ਵੀ ਇਲਜ਼ਾਮ ਲੱਗੇ ਹਨ। ਇਸ ਫਿਲਮ ਵਿਚ ਸੰਜੇ ਬਾਰੂ ਦਾ ਕਿਰਦਾਰ ਫ਼ਿਲਮ ਅਭਿਨੇਤਾ ਅਕਸ਼ੈ ਖੰਨਾ ਨੇ ਨਿਭਾਇਆ ਹੈ। ਦੀ ਐਕਸੀਡੈਂਟਲ ਪ੍ਰਾਈਮ ਮਨਿਸਟਰ ਨੂੰ ਦੇਖਣ ਤੋਂ ਬਾਅਦ ਸੱਭ ਤੋਂ ਪਹਿਲੀ ਗੱਲ ਜਿਹੜੀ ਜ਼ਿਹਨ ਵਿਚ ਆਉਂਦੀ ਹੈ

ਉਹ ਇਹ ਹੈ ਕਿ ਸੰਜੇ ਬਾਰੂ ਦਾ ਦਰਦ ਸਿਰਫ਼ ਇਹ ਨਹੀਂ ਹੈ ਕਿ ਮਨਮੋਹਨ ਸਿੰਘ, ਸੋਨੀਆ ਗਾਂਧੀ ਦੀ ਸੁਨਦੇ ਹਨ ਬਲਕਿ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਡਾ. ਮਨਮੋਹਨ ਸਿੰਘ ਅਪਣੇ ਮੀਡੀਆ ਐਡਵਾਈਜ਼ਰ ਸੰਜੇ ਬਾਰੂ ਦੀ ਨਹੀਂ ਸੁਣਦੇ। ਇਸ ਫ਼ਿਲਮ ਦੇ ਰੀਲੀਜ਼ ਹੋਣ ਤੋਂ ਪਹਿਲਾਂ ਹੀ ਕਾਂਗਰਸ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਇਸ ਨੂੰ ਨਾ ਸਿਰਫ਼ ਡਾ. ਮਨਮੋਹਨ ਸਿੰਘ ਦਾ ਅਕਸ ਖ਼ਰਾਬ ਕਰਨ ਦੇ ਇਲਜ਼ਾਮ ਲਾਏ ਗਏ ਬਲਕਿ ਇਹ ਵੀ ਕਿਹਾ ਗਿਆ ਕਿ ਵਿਰੋਧੀ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਖਿਲਾਫ਼ ਅਜਿਹੀਆਂ ਚਾਲਾਂ ਚਲ ਕੇ ਲਾਹਾ ਲੈਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ।

ਦੀ ਐਕਸੀਡੈਂਟਲ ਪ੍ਰਾਈਮ ਮਨਿਸਟਰ ਫ਼ਿਲਮ ਵਿਚ ਪਹਿਲੇ ਸੀਨ ਤੋਂ ਹੀ ਅਜਿਹਾ ਲਗਦਾ ਹੈ ਕਿ ਸੰਜੇ ਬਾਰੂ ਪੀਐਮਓ ਵਿਚ ਅਪਣੀ ਬਾਦਸ਼ਾਹਤ ਕਾਇਮ ਕਰਨਾ ਚਾਹੁੰਦੇ ਸਨ। ਫ਼ਿਲਮ ਵਿਚ ਦਿਖਾਏ ਗਏ ਸੰਜੇ ਬਾਰੂ ਨੂੰ ਦੇਖ ਕੇ ਅਜਿਹਾ ਲਗਦਾ ਹੈ ਕਿ ਪੀਐਮਓ ਵਿਚ ਹਰ ਕੋਈ ਸ਼ੱਕੀ ਸੀ ਅਤੇ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁਧ ਸਾਜ਼ਸ਼ਾਂ ਬਣਾਉਣ ਵਿਚ ਜੁਟਿਆ ਹੋਇਆ ਸੀ।