ਦੀਪਿਕਾ ਦੀ ਛਪਾਕ ਫਿਲਮ 'ਤੇ ਅਦਾਲਤ ਦਾ ਵੱਡਾ ਫ਼ੈਸਲਾ !

ਏਜੰਸੀ

ਖ਼ਬਰਾਂ, ਰਾਸ਼ਟਰੀ

ਤੇਜ਼ਾਬ ਪੀੜਤਾ ਦੀ ਵਕੀਲ ਦਾ ਧੰਨਵਾਦ ਨਾਂ ਕਰਨ ਦਾ ਮਾਮਲਾ

File Photo

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਦੀਪਿਕਾ ਪਾਦੂਕੋਣ ਦੀ ਅਦਾਕਾਰੀ ਵਾਲੀ ਫ਼ਿਲਮ 'ਛਪਾਕ' ਦੇ ਨਿਰਮਾਤਾਵਾਂ ਨੂੰ ਫ਼ਿਲਮ ਦੇ ਪ੍ਰਦਰਸ਼ਨ ਤੋਂ ਉਦੋਂ ਤਕ ਰੋਕ ਲਾ ਦਿਤੀ ਹੈ ਜਦੋਂ ਤਕ ਉਹ ਤੇਜ਼ਾਬ ਪੀੜਤਾ ਲਕਸ਼ਮੀ ਅਗਰਵਾਲ ਦੇ ਵਕੀਲ ਦਾ ਫ਼ਿਲਮ 'ਚ ਧਨਵਾਦ ਨਹੀਂ ਕਰਦੀ ਹੈ। ਲਕਸ਼ਮੀ ਦੇ ਜੀਵਨ 'ਤੇ ਅਧਾਰਤ ਫ਼ਿਲਮ ਲਈ ਵਕੀਲ ਨੇ ਜਾਣਕਾਰੀ ਮੁਹੱਈਆ ਕਰਵਾਈ ਸੀ।

ਅਦਾਲਤ ਨੇ ਫ਼ਿਲਮ ਦੀ ਨਿਰਦੇਸ਼ਕ ਮੇਘਨਾ ਗੁਲਜ਼ਾਰ ਅਤੇ ਨਿਰਮਾਤਾ ਫ਼ਾਕਸ ਸਟਾਰ ਸਟੂਡੀਓਜ਼ ਨੂੰ ਹੁਕਮ ਦਿਤਾ ਕਿ ਉਹ 'ਲਕਸ਼ਮੀ ਅਗਰਵਾਲ ਦੇ ਮੁਕੱਦਮੇ ਦੀ ਪੈਰਵੀ ਕਰਨ ਵਾਲੀ ਵਕੀਲ ਅਰਪਣਾ ਭੱਟ ਵਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ' ਸਤਰ ਨੂੰ ਫ਼ਿਲਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਾਲੀ ਸੂਚਨਾ 'ਚ ਲਿਖਣ। ਜਿਨ੍ਹਾਂ ਥੀਏਟਰਾਂ 'ਚ ਫ਼ਿਲਮ ਦੀ ਡਿਜੀਟਲ ਕਾਪੀ ਹੈ ਉਨ੍ਹਾਂ 'ਚ 15 ਜਨਵਰੀ ਤਕ ਅਤੇ ਜਿੱਥੇ ਰੀਲ ਵਾਲੀਆਂ ਕਾਪੀਆਂ ਹਨ ਉਨ੍ਹਾਂ 'ਚ 18 ਜਨਵਰੀ ਤਕ ਇਹ ਤਬਦੀਲੀਆਂ ਕਰਨੀਆਂ ਹੋਣਗੀਆਂ।

ਅਦਾਲਤ ਨੇ ਫ਼ਿਲਮ ਦੇ ਨਿਰਮਾਤਾ ਫ਼ਾਕਸ ਸਟਾਰ ਸਟੂਡੀਓ ਦੀ ਅਪੀਲ 'ਤੇ ਇਹ ਫ਼ੈਸਲਾ ਸੁਣਾਇਆ। ਸਟੂਡੀਓ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਚੁਨੌਤੀ ਦਿਤੀ ਸੀ ਜਿਸ 'ਚ ਵਕੀਲ ਅਰਪਣਾ ਭੱਟ ਨੂੰ ਧਨਵਾਦ ਦੇਣ ਨੂੰ ਕਿਹਾ ਗਿਆ ਸੀ। ਫ਼ਿਲਮ ਪਿਛਲੇ ਸ਼ੁਕਰਵਾਰ ਨੂੰ ਰਿਲੀਜ਼ ਹੋਈ ਹੈ।

ਅਦਾਲਤ ਦੇ ਪੁੱਛਣ 'ਤੇ ਨਿਰਦੇਸ਼ਕ ਮੇਘਨਾ ਗੁਲਜ਼ਾਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਸੰਦੀਪ ਸੋਨੀ ਨੇ ਕਿਹਾ ਸੀ ਕਿ ਦੋਹਾਂ ਧਿਰਾਂ ਇਸ ਸਾਰੇ ਕੋਈ ਸਮਝੌਤਾ ਨਹੀਂ ਹੋਇਆ ਸੀ ਅਤੇ ਸਹਿਯੋਗ ਜਾਂ ਸੂਚਨਾਵਾਂ ਪ੍ਰਾਪਤ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਨੂੰ ਧੰਨਵਾਦ ਪਾਉਣ ਦਾ ਕਾਨੂੰਨੀ ਹੱਕ ਮਿਲ ਗਿਆ ਹੈ।
ਭੱਟ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਸੰਜੇ ਪਾਰਿਖ ਨੇ ਕਿਹਾ ਕਿ ਉਨ੍ਹਾਂ ਨੇ ਲਕਸ਼ਮੀ ਲਈ ਸ਼ੁਰੂ ਤੋਂ ਅਖ਼ੀਰ ਤਕ ਲੜਾਈ ਲੜੀ ਅਤੇ ਕੋਈ ਪ੍ਰਚਾਰ-ਪ੍ਰਸਾਰ ਨਹੀਂ ਕੀਤਾ। ਮੇਘਨਾ ਗੁਲਜ਼ਾਰ ਉਨ੍ਹਾਂ ਕੋਲ ਮਦਦ ਅਤੇ ਜਾਣਕਾਰੀ ਪਾਉਣ ਲਈ ਗਈ ਸੀ।