ਸੁਰੱਖਿਆ ਮਾਮਲੇ ’ਤੇ ਬੋਲੇ ਸਮ੍ਰਿਤੀ ਇਰਾਨੀ- ਜਾਣਬੁੱਝ ਕੇ PM ਨੂੰ ਅਸੁਰੱਖਿਅਤ ਮਾਹੌਲ 'ਚ ਰੱਖਿਆ ਗਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਨੇ ਕਿਹਾ, 'ਪੰਜਾਬ ਦੇ CM ਨੇ ਇੱਕ ਨਾਗਰਿਕ (ਪ੍ਰਿਅੰਕਾ ਗਾਂਧੀ) ਨੂੰ ਪ੍ਰਧਾਨ ਮੰਤਰੀ ਦੇ ਸੁਰੱਖਿਆ ਪ੍ਰੋਟੋਕੋਲ ਅਤੇ ਖਾਮੀਆਂ ਬਾਰੇ ਸੂਚਿਤ ਕਿਉਂ ਕੀਤਾ?

Smriti Irani


ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦੇ ਮਾਮਲੇ 'ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਹੈ ਕਿ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਵੀ ਕਾਂਗਰਸੀ ਆਗੂਆਂ ਨੇ ਇਸ ਮਾਮਲੇ 'ਚ ਦਖਲ ਨਹੀਂ ਦਿੱਤਾ ਅਤੇ ਪ੍ਰਧਾਨ ਮੰਤਰੀ ਨੂੰ ਅਸੁਰੱਖਿਅਤ ਮਾਹੌਲ 'ਚ ਰੱਖਿਆ।

Smriti Irani

ਸਮ੍ਰਿਤੀ ਇਰਾਨੀ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਸਵਾਲ ਕੀਤਾ, "ਡੀਜੀਪੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਟੀਮ ਨੂੰ ਅਜਿਹਾ ਸੰਦੇਸ਼ ਕਿਉਂ ਦਿੱਤਾ ਕਿ ਸਾਰਾ ਸਿਸਟਮ ਅਤੇ ਰੂਟ ਸੁਰੱਖਿਅਤ ਹੈ? ਪੰਜਾਬ ਦੀ ਕਾਂਗਰਸ ਸਰਕਾਰ ਵਿਚ ਉਹ ਕਿਹੜੇ ਉੱਚ ਅਧਿਕਾਰੀ ਹਨ, ਜੋ ਇਸ ਅਲਰਟ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕੋਈ ਕਦਮ ਨਹੀਂ ਚੁੱਕ ਰਹੇ ਸੀ?”

 PM's security breach

ਸਮ੍ਰਿਤੀ ਇਰਾਨੀ ਨੇ ਕਿਹਾ ਕਿ ਇਸ ਮਾਮਲੇ 'ਚ ਮੈਂ ਕਾਂਗਰਸ ਲੀਡਰਸ਼ਿਪ ਦੇ ਸਾਹਮਣੇ ਕੁਝ ਸਵਾਲ ਰੱਖੇ ਸਨ, ਇਸ ਤੋਂ ਬਾਅਦ ਇਕ ਟੈਲੀਵਿਜ਼ਨ ਨੈੱਟਵਰਕ ਨੇ ਉਹਨਾਂ ਸਵਾਲਾਂ ਦੇ ਕੁਝ ਚਿੰਤਾਜਨਕ ਨਤੀਜੇ ਦੇਸ਼ ਦੇ ਸਾਹਮਣੇ ਰੱਖੇ ਹਨ। ਉਹਨਾਂ ਕਿਹਾ, ''ਇਕ ਚੈਨਲ 'ਤੇ ਦਿਖਾਏ ਗਏ ਪ੍ਰੋਗਰਾਮ 'ਚ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਪੁਲਿਸ ਦੇ ਉੱਚ ਅਧਿਕਾਰੀਆਂ, ਪੰਜਾਬ ਪ੍ਰਸ਼ਾਸਨ ਅਤੇ ਕਾਂਗਰਸ ਦੇ ਨੇਤਾਵਾਂ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਉਲੰਘਣਾ ਦੀ ਜਾਣਕਾਰੀ ਦਿੰਦਾ ਰਿਹਾ ਪਰ ਸਰਕਾਰ ਵਲੋਂ ਪੀਐਮ ਨੂੰ ਸੁਰੱਖਿਅਤ ਕਰਨ ਲਈ ਕੋਈ ਦਖ਼ਲ ਨਹੀਂ ਦਿੱਤੀ ਗਈ।"

CM Channi

ਉਹਨਾਂ ਕਿਹਾ ਕਿ ਵਾਰ-ਵਾਰ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਜਾਣਬੁੱਝ ਕੇ ਪ੍ਰਧਾਨ ਮੰਤਰੀ ਨੂੰ ਅਸੁਰੱਖਿਅਤ ਮਾਹੌਲ ਵਿਚ ਰੱਖਿਆ, ਜੋ ਕਿ ਨਿੰਦਣਯੋਗ ਅਤੇ ਸਜ਼ਾਯੋਗ ਹੈ।  ਕੇਂਦਰੀ ਮੰਤਰੀ ਨੇ ਸਖ਼ਤ ਲਹਿਜੇ ਵਿਚ ਕਿਹਾ, 'ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਨਾਗਰਿਕ (ਪ੍ਰਿਅੰਕਾ ਗਾਂਧੀ ਵਾਡਰਾ) ਨੂੰ ਪ੍ਰਧਾਨ ਮੰਤਰੀ ਦੇ ਸੁਰੱਖਿਆ ਪ੍ਰੋਟੋਕੋਲ ਅਤੇ ਖਾਮੀਆਂ ਬਾਰੇ ਸੂਚਿਤ ਕਿਉਂ ਕੀਤਾ? ਗਾਂਧੀ ਪਰਿਵਾਰ ਦਾ ਇੱਕ ਮੈਂਬਰ ਇਸ ਵਿਚ ਕਿਵੇਂ ਦਿਲਚਸਪੀ ਰੱਖਦਾ ਹੈ?'