7 ਸਾਲਾਂ 'ਚ ਭਾਰਤ ਬਣ ਸਕਦਾ ਹੈ 7,000 ਅਰਬ ਡਾਲਰ ਦੀ ਅਰਥਵਿਵਸਥਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਨੇ ਜਤਾਈ ਉਮੀਦ

Image

 

ਕੋਲਕਾਤਾ - ਮੁੱਖ ਆਰਥਿਕ ਸਲਾਹਕਾਰ (ਸੀ.ਈ.ਏ.) ਵੀ. ਅਨੰਤ ਨਾਗੇਸ਼ਵਰਨ ਨੇ ਉਮੀਦ ਜਤਾਈ ਹੈ ਕਿ ਅਗਲੇ ਸੱਤ ਸਾਲਾਂ ਵਿੱਚ ਭਾਰਤੀ ਅਰਥਵਿਵਸਥਾ 7,000 ਅਰਬ ਡਾਲਰ ਤੱਕ ਦੀ ਹੋ ਸਕਦੀ ਹੈ। 

ਉਨ੍ਹਾਂ ਕਿਹਾ ਕਿ 2022-23 ਦੇ ਅੰਤ ਤੱਕ ਮੌਜੂਦਾ ਕੀਮਤਾਂ 'ਤੇ ਅਰਥਚਾਰੇ ਦੀ ਕੀਮਤ 3,500 ਅਰਬ ਅਮਰੀਕੀ ਡਾਲਰ ਹੋ ਜਾਵੇਗੀ। 

ਸਰਕਾਰ ਨੇ ਪਹਿਲਾਂ 2025 ਤੱਕ ਦੇਸ਼ ਨੂੰ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਸੀ।

ਨਾਗੇਸ਼ਵਰਨ ਨੇ ਹਾਲ ਹੀ ਵਿੱਚ ਵੀਡੀਓ ਕਾਨਫਰੰਸ ਰਾਹੀਂ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਲੰਡਰ ਸਾਲ 2023 ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੇ ਸੰਘਰਸ਼ ਦੇ ਪਿਛੋਕੜ ਵਿੱਚ ਸ਼ੁਰੂ ਹੋਇਆ ਹੈ, ਜੋ 'ਭੂ-ਰਾਜਨੀਤਿਕ ਅਤੇ ਭੂ-ਆਰਥਿਕ ਅਨਿਸ਼ਚਿਤਤਾਵਾਂ ਨੂੰ ਜਨਮ ਦੇਵੇਗਾ।'

ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਦੋ ਸਾਲ ਬਾਅਦ ਚੀਨ 'ਤੇ ਪਾਬੰਦੀਆਂ ਦੇ ਖ਼ਤਮ ਹੋਣ ਨਾਲ ਵਿਸ਼ਵ ਅਰਥਵਿਵਸਥਾ 'ਤੇ ਵੀ ਅਸਰ ਪਵੇਗਾ। ਇਸ ਤੋਂ ਇਲਾਵਾ ਤੇਲ ਅਤੇ ਜਿਣਸਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਅਮਰੀਕਾ ਤੇ ਯੂਰਪ ਦੀਆਂ ਉੱਨਤ ਅਰਥਵਿਵਸਥਾਵਾਂ ਵਿੱਚ ਵਾਧੇ ਦਾ ਰੁਝਾਨ ਵੀ ਦੇਖਿਆ ਜਾ ਸਕਦਾ ਹੈ। ਇਸ ਦਾ ਅਸਰ ਬਾਕੀ ਦੁਨੀਆ 'ਤੇ ਵੀ ਪਵੇਗਾ।

ਉਨ੍ਹਾਂ ਕਿਹਾ ਕਿ 2022-23 ਦੇ ਅੰਤ ਵਿੱਚ, ਮੌਜੂਦਾ ਕੀਮਤਾਂ 'ਤੇ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 3,500 ਅਰਬ ਡਾਲਰ ਤੱਕ ਪਹੁੰਚ ਜਾਵੇਗਾ।

ਨਾਗੇਸ਼ਵਰਨ ਨੇ ਕਿਹਾ, "ਅਗਲੇ ਸੱਤ ਸਾਲਾਂ ਵਿੱਚ ਭਾਰਤੀ ਅਰਥਵਿਵਸਥਾ 7,000 ਅਰਬ ਡਾਲਰ ਹੋ ਜਾਵੇਗੀ, ਜੋ ਕਿ ਅਸੰਭਵ ਨਹੀਂ ਹੈ।"

ਸੀ.ਈ.ਏ. ਨੇ ਇਹ ਵੀ ਕਿਹਾ ਕਿ ਸਭ ਤੋਂ ਮਹੱਤਵਪੂਰਨ ਮੁੱਦਾ ਅਮਰੀਕਾ ਵੱਲੋਂ 2024 ਜਾਂ 2025 ਵਿੱਚ ਆਪਣੀ ਵਿਆਜ ਦਰਾਂ ਨੂੰ ਘਟਾਉਣਾ ਹੈ। ਇਸ ਦਾ ਅਸਰ ਭਾਰਤੀ ਰੁਪਏ 'ਤੇ ਵੀ ਪਵੇਗਾ।

ਨਾਗੇਸ਼ਵਰਨ ਨੇ ਕਿਹਾ ਕਿ ਮੱਧਮ ਮਿਆਦ 'ਚ ਵਿਕਾਸ ਦਰ 8 ਜਾਂ 9 ਫ਼ੀਸਦੀ ਦੀ ਬਜਾਏ 6.5 ਫ਼ੀਸਦੀ ਹੋ ਸਕਦੀ ਹੈ। ਇਹੀ ਵਾਧਾ ਸਾਲ 2003-2008 ਦੌਰਾਨ ਦੇਖਿਆ ਗਿਆ ਸੀ।