ਦੇਹਰਾਦੂਨ : ਮੁਸਲਮਾਨ ਦੀ ਦੁਕਾਨ ਤੋਂ ਭਗਵਾਨ ਰਾਮ ਦੇ ਪੋਸਟਰ ਹਟਾਉਣ ਵਾਲਿਆਂ ’ਤੇ ਐਫ.ਆਈ.ਆਰ. ਦਰਜ
ਦੇਹਰਾਦੂਨ ’ਚ ਵਾਪਰੀ ਘਟਨਾਂ ਦਾ ਵੀਡੀਉ ਵਾਇਰਲ
ਦੇਹਰਾਦੂਨ: ਦੇਹਰਾਦੂਨ ਸ਼ਹਿਰ ’ਚ ਇਕ ਮੁਸਲਮਾਨ ਵਿਅਕਤੀ ਵਲੋਂ ਚਲਾਈ ਜਾ ਰਹੀ ਇਕ ਦੁਕਾਨ ਦੀਆਂ ਕੰਧਾਂ ਤੋਂ ਭਗਵਾਨ ਰਾਮ ਦੀਆਂ ਤਸਵੀਰਾਂ ਵਾਲੇ ਧਾਰਮਕ ਪੋਸਟਰ ਜ਼ਬਰਦਸਤੀ ਹਟਾ ਦਿਤੇ ਗਏ। ਪੁਲਿਸ ਨੇ ਇਸ ਮਾਮਲੇ ’ਚ ਐਫ.ਆਈ.ਆਰ. ਦਰਜ ਕਰ ਲਈ ਹੈ।
ਚਸ਼ਮਦੀਦਾਂ ਨੇ ਦਸਿਆ ਕਿ ਰਾਧਾ ਧੋਨੀ ਨਾਂ ਦੀ ਇਕ ਔਰਤ ਦੀ ਅਗਵਾਈ ’ਚ ਗਿਰੋਹ ਹਾਲ ਹੀ ’ਚ ਇਕ ਦੁਕਾਨ ’ਚ ਦਾਖਲ ਹੋਇਆ ਅਤੇ ਉਸ ਦੇ ਸੰਚਾਲਕ ਨੂੰ ਕਥਿਤ ਤੌਰ ’ਤੇ ਕਿਹਾ ਕਿ ਉਸ ਨੂੰ ਹਿੰਦੂ ਦੇਵੀ-ਦੇਵਤਿਆਂ ਦੇ ਪੋਸਟਰ ਲਗਾਉਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਉਹ ਮੁਸਲਮਾਨ ਹੈ।
ਇਸ ਘਟਨਾ ਦਾ ਇਕ ਵੀਡੀਉ ਵੀ ਹਾਲ ਹੀ ’ਚ ਸਾਹਮਣੇ ਆਇਆ ਹੈ ਜਿਸ ’ਚ ਔਰਤ ਦੁਕਾਨਦਾਰ ਨੂੰ ਧਮਕੀ ਦਿੰਦੀ ਅਤੇ ਦੁਕਾਨ ਤੋਂ ਜ਼ਬਰਦਸਤੀ ਧਾਰਮਕ ਪੋਸਟਰ ਹਟਾਉਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਲਾਕੇ ਦੇ ਲੋਕਾਂ ਨੇ ਦਸਿਆ ਕਿ ਇਸ ਦੁਕਾਨ ਦਾ ਮਾਲਕ ਹਿੰਦੂ ਵਿਅਕਤੀ ਹੈ ਅਤੇ ਉਸ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਰਹਿਣ ਵਾਲੇ ਵਿਅਕਤੀ ਨੂੰ ਇਹ ਦੁਕਾਨ ਚਲਾਉਣ ਲਈ ਕਿਹਾ ਸੀ।
ਲੋਕਾਂ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਦੁਕਾਨ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਤਬਦੀਲੀ ਨਾ ਕਰਨ ਲਈ ਕਿਹਾ ਗਿਆ ਸੀ।
‘ਅਮਨ ਜਨਰਲ ਸਟੋਰ’ ਨਾਂ ਦੀ ਇਹ ਦੁਕਾਨ ਹਰਿਦੁਆਰ ਰੋਡ ’ਤੇ ਆਈ.ਐਸ.ਬੀ.ਟੀ. ਨੇੜੇ ਸਥਿਤ ਹੈ। ਇਸ ਦੌਰਾਨ ਪਟੇਲ ਨਗਰ ਥਾਣੇ ਦੇ ਐਸ.ਐਚ.ਓ. ਕਮਲ ਲੁੰਥੀ ਨੇ ਕਿਹਾ ਕਿ ਘਟਨਾ ਦੇ ਸਬੰਧ ’ਚ ਔਰਤ ਅਤੇ ਉਸ ਦੇ ਸਾਥੀਆਂ ਵਿਰੁਧ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਭਾਰਤੀ ਦੰਡਾਵਲੀ ਦੀ ਧਾਰਾ 153, 295ਏ ਅਤੇ 505 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।