ਪਰਵਾਰਵਾਦ ਦੀ ਸਿਆਸਤ ਦੇ ਅਸਰ ਨੂੰ ਘਟਾਉਣ ਲਈ ਚੋਣ ਪ੍ਰਕਿਰਿਆ ’ਚ ਹਿੱਸਾ ਲਉ : ਮੋਦੀ
ਨੌਜੁਆਨਾਂ ਨੂੰ ਸਥਾਨਕ ਉਤਪਾਦਾਂ ਨੂੰ ਉਤਸ਼ਾਹਤ ਕਰਨ ਅਤੇ ਮਾਵਾਂ, ਭੈਣਾਂ ਤੇ ਧੀਆਂ ਦੀਆਂ ਅਤੇ ਗਾਲ੍ਹਾਂ ਕੱਢਣ ਵਿਰੁਧ ਆਵਾਜ਼ ਬੁਲੰਦ ਕਰਨ ਲਈ ਵੀ ਕਿਹਾ
ਨਾਸਿਕ (ਮਹਾਰਾਸ਼ਟਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭਾਰਤ ਦੇ ਮੌਜੂਦਾ ਨੌਜੁਆਨਾਂ ਨੂੰ 21ਵੀਂ ਸਦੀ ਦੀ ‘ਸੱਭ ਤੋਂ ਖੁਸ਼ਕਿਸਮਤ ਪੀੜ੍ਹੀ’ ਦਸਿਆ ਜੋ ‘ਅੰਮ੍ਰਿਤ ਕਾਲ’ ਦੌਰਾਨ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਤਿਆਰ ਹਨ। ਉਨ੍ਹਾਂ ਨੇ ਨੌਜੁਆਨਾਂ ਨੂੰ ਪਰਵਾਰਵਾਦ ਦੀ ਸਿਆਸਤ ਦੇ ਅਸਰ ਨੂੰ ਘਟਾਉਣ ਲਈ ਚੋਣ ਪ੍ਰਕਿਰਿਆ ’ਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ।
ਇੱਥੇ 27ਵੇਂ ਕੌਮੀ ਯੁਵਾ ਉਤਸਵ ਦਾ ਉਦਘਾਟਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਵੰਸ਼ਵਾਦੀ ਰਾਜਨੀਤੀ ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਅਤੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਵੋਟਰ ਸੂਚੀ ਵਿਚ ਅਪਣਾ ਨਾਮ ਦਰਜ ਕਰਵਾਉਣ। ਉਨ੍ਹਾਂ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਕਿਹਾ।
ਉਨ੍ਹਾਂ ਕਿਹਾ, ‘‘ਭਾਰਤ ਲੋਕਤੰਤਰ ਦੀ ਮਾਂ ਹੈ। ਜੇਕਰ ਨੌਜੁਆਨ ਵੋਟ ਪਾ ਕੇ ਅਪਣੇ ਸਿਆਸੀ ਵਿਚਾਰ ਪ੍ਰਗਟ ਕਰਨ ਤਾਂ ਦੇਸ਼ ਦਾ ਭਵਿੱਖ ਚੰਗਾ ਹੋਵੇਗਾ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਭਾਰਤ ਦੇ ਲੋਕਤੰਤਰ ’ਚ ਨਵੀਂ ਊਰਜਾ ਅਤੇ ਜੋਸ਼ ਭਰ ਸਕਦੇ ਹਨ। ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਸਰਗਰਮ ਸਿਆਸਤ (ਅਤੇ ਚੋਣ ਪ੍ਰਕਿਰਿਆ) ਵਿਚ ਹਿੱਸਾ ਲੈਂਦੇ ਹੋ ਤਾਂ ਤੁਸੀਂ ਪਰਵਾਰਵਾਦ ਦੀ ਸਿਆਸਤ ਦੇ ਅਸਰ ਨੂੰ ਘੱਟ ਕਰਨ ਦੇ ਯੋਗ ਹੋਵੋਗੇ।
ਤੁਸੀਂ ਜਾਣਦੇ ਹੋ ਕਿ ਪਰਵਾਰਵਾਦ ਦੀ ਸਿਆਸਤ ਨੇ ਦੇਸ਼ ਨੂੰ ਨੁਕਸਾਨ ਪਹੁੰਚਾਇਆ ਹੈ। ਮੋਦੀ ਨੇ ਕਿਹਾ ਕਿ ਅੰਮ੍ਰਿਤ ਕਾਲ ਦਾ 25 ਸਾਲ ਦਾ ਸਮਾਂ ਦੇਸ਼ ਨੂੰ ਆਜ਼ਾਦੀ ਦੇ ਸ਼ਤਾਬਦੀ ਸਾਲ ’ਚ ਲੈ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਨੌਜੁਆਨਾਂ ਲਈ ‘ਡਿਊਟੀ ਪੀਰੀਅਡ’ ਹੈ ਜਦੋਂ ਉਹ ਸਮਾਜ ਅਤੇ ਦੇਸ਼ ਦੀ ਤਰੱਕੀ ਨੂੰ ਯਕੀਨੀ ਬਣਾਉਣ ਲਈ ਅਪਣੀਆਂ ਜ਼ਿੰਮੇਵਾਰੀਆਂ ਨੂੰ ਤਰਜੀਹ ਦੇਣਗੇ।
ਉਨ੍ਹਾਂ ਨੌਜੁਆਨਾਂ ਨੂੰ ਸਥਾਨਕ ਉਤਪਾਦਾਂ ਨੂੰ ਉਤਸ਼ਾਹਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਮਾਵਾਂ, ਭੈਣਾਂ ਅਤੇ ਧੀਆਂ ਦੇ ਨਾਂ ’ਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਅਤੇ ਗਾਲ੍ਹਾਂ ਕੱਢਣ ਵਿਰੁਧ ਆਵਾਜ਼ ਬੁਲੰਦ ਕਰਨ।