ਇਤਿਹਾਸ ਬਣਾਉਣ ਦੇ ਨੇੜੇ ਪੁੱਜਾ ISRO, ਪੁਲਾੜ ’ਚ ਸਪੇਡੈਕਸ ਦੇ ਦੋ ਉਪਗ੍ਰਹਿ 3 ਮੀਟਰ ਤਕ ਨੇੜੇ ਆਏ
ਸਪੇਡੈਕਸ ਦੀ ਸਫਲਤਾ ਤੋਂ ਬਾਅਦ, ਭਾਰਤ ਗੁੰਝਲਦਾਰ ਤਕਨਾਲੋਜੀਆਂ ’ਚ ਮੁਹਾਰਤ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ
ਬੇਂਗਲੁਰੂ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਕਿਹਾ ਕਿ ਪੁਲਾੜ ਡਾਕਿੰਗ ਪ੍ਰਯੋਗਾਂ ਲਈ ਲਾਂਚ ਕੀਤੇ ਗਏ ਦੋ ਸੈਟੇਲਾਈਟਾਂ ਨੂੰ ਤਿੰਨ ਮੀਟਰ ਦੀ ਦੂਰੀ ’ਤੇ ਲਿਆਂਦਾ ਗਿਆ ਅਤੇ ਫਿਰ ਸੁਰੱਖਿਅਤ ਵਾਪਸ ਲਿਜਾਇਆ ਗਿਆ। ਪੁਲਾੜ ਏਜੰਸੀ ਨੇ ਇਹ ਵੀ ਕਿਹਾ ਕਿ ਅੰਕੜਿਆਂ ਦੇ ਵਿਸਥਾਰਤ ਵਿਸ਼ਲੇਸ਼ਣ ਤੋਂ ਬਾਅਦ ਡਾਕਿੰਗ ਪ੍ਰਕਿਰਿਆ (ਦੋਵੇਂ ਉਪਗ੍ਰਹਿ ਜੋੜਨ ਦੀ ਪ੍ਰਕਿਰਿਆ) ਪੂਰੀ ਕੀਤੀ ਜਾਵੇਗੀ।
ਇਸਰੋ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਪਹਿਲਾਂ 15 ਮੀਟਰ ਅਤੇ ਫਿਰ ਤਿੰਨ ਮੀਟਰ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ। ਪੁਲਾੜ ਜਹਾਜ਼ ਨੂੰ ਸੁਰੱਖਿਅਤ ਦੂਰੀ ’ਤੇ ਵਾਪਸ ਲਿਜਾਇਆ ਜਾ ਰਿਹਾ ਹੈ। ਡਾਕਿੰਗ ਪ੍ਰਕਿਰਿਆ ਡੇਟਾ ਦੇ ਵਿਸਥਾਰਤ ਵਿਸ਼ਲੇਸ਼ਣ ਤੋਂ ਬਾਅਦ ਕੀਤੀ ਜਾਵੇਗੀ।’’ ਸਪੇਸ ਡਾਕਿੰਗ ਐਕਸਪੈਰੀਮੈਂਟ (ਸਪੇਡੈਕਸ) ਪ੍ਰਾਜੈਕਟ ਪਹਿਲਾਂ ਹੀ 7 ਅਤੇ 9 ਜਨਵਰੀ ਨੂੰ ਡਾਕਿੰਗ ਪ੍ਰਯੋਗਾਂ ਲਈ ਐਲਾਨੀਆਂ ਦੋ ਸਮਾਂ ਸੀਮਾਵਾਂ ਤੋਂ ਖੁੰਝ ਗਿਆ ਹੈ। ਇਸਰੋ ਨੇ 30 ਦਸੰਬਰ ਨੂੰ ਸਫਲਤਾਪੂਰਵਕ ਸਪੇਡੈਕਸ ਮਿਸ਼ਨ ਨੂੰ ਪੁਲਾੜ ’ਚ ਭੇਜਿਆ ਸੀ।
ਪੁਲਾੜ ਜਹਾਜ਼ ਏ (ਐਸ.ਡੀ.ਐਕਸ. 01) ਅਤੇ ਪੁਲਾੜ ਜਹਾਜ਼ ਬੀ (ਐਸ.ਡੀ.ਐਕਸ. 02) ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਪੀ.ਐਸ.ਐਲ.ਵੀ. ਸੀ60 ਰਾਕੇਟ ਰਾਹੀਂ ਲਾਂਚ ਕੀਤਾ ਗਿਆ ਸੀ। ਲਗਭਗ 15 ਮਿੰਟ ਬਾਅਦ, 220-220 ਕਿਲੋਮੀਟਰ ਦਾ ਪੁਲਾੜ ਜਹਾਜ਼ ਯੋਜਨਾ ਅਨੁਸਾਰ 476 ਕਿਲੋਮੀਟਰ ਦੇ ਚੱਕਰ ’ਚ ਦਾਖਲ ਹੋਇਆ। ਇਸਰੋ ਅਨੁਸਾਰ, ਸਪੇਡੈਕਸ ਪ੍ਰਾਜੈਕਟ ਛੋਟੇ ਪੁਲਾੜ ਜਹਾਜ਼ ਦੀ ਵਰਤੋਂ ਕਰ ਕੇ ਪੁਲਾੜ ’ਚ ‘ਡਾਕਿੰਗ’ ਦੀ ਪ੍ਰਕਿਰਿਆ ਲਈ ਇਕ ਆਰਥਕ ਤਕਨਾਲੋਜੀ ਮਿਸ਼ਨ ਹੈ।
ਸਪੇਡੈਕਸ ਦੀ ਸਫਲਤਾ ਤੋਂ ਬਾਅਦ, ਭਾਰਤ ਗੁੰਝਲਦਾਰ ਤਕਨਾਲੋਜੀਆਂ ’ਚ ਮੁਹਾਰਤ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ ਜੋ ਉਸ ਦੇ ਭਵਿੱਖ ਦੇ ਮਿਸ਼ਨਾਂ ਜਿਵੇਂ ਕਿ ਭਾਰਤੀ ਪੁਲਾੜ ਸਟੇਸ਼ਨ ਅਤੇ ਚੰਦਰਮਾ ’ਤੇ ਪੁਲਾੜ ਮੁਸਾਫ਼ਰਾਂ ਨੂੰ ਉਤਰਨ ਲਈ ਮਹੱਤਵਪੂਰਨ ਹਨ।