ਮੋਦੀ ਨੇ ਰਾਜ ਧਰਮ ਦਾ ਪਾਲਣ ਨਹੀਂ ਕੀਤਾ : ਨਾਇਡੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਭਾਰਤੀ ਜਨਤਾ ਪਾਰਟੀ (ਪਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਹਮਲੇ ਜਾਰੀ ਰਖਦਿਆਂ.....

N. Chandrababu Naidu

ਨਵੀਂ ਦਿੱਲੀ : ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਭਾਰਤੀ ਜਨਤਾ ਪਾਰਟੀ (ਪਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਹਮਲੇ ਜਾਰੀ ਰਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੋਸ਼ ਲਾਇਆ ਕਿ ਸੂਬੇ ਨੂੰ ਵਿਸ਼ੇਸ਼ ਦਰਜਾ ਨਾ ਦੇ ਕੇ ਉਨ੍ਹਾਂ ਨੇ 'ਰਾਜ ਧਰਮ' ਦਾ ਪਾਲਣ ਨਹੀਂ ਕੀਤਾ। ਕੇਂਦਰ ਤੋਂ ਸੂਬੇ ਨੂੰ ਵਿਸ਼ੇਸ਼ ਦਰਜਾ ਦੇਣ ਅਤੇ 2014 'ਚ ਇਸ ਦੀ ਵੰਡ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਇੱਥੇ ਇਕ ਦਿਨ ਦੀ ਭੁੱਖ ਹੜਤਾਲ 'ਤੇ ਬੈਠੇ ਨਾਇਡੂ ਨੇ ਮੋਦੀ ਨੂੰ ਚੇਤਾਵਨੀ ਦਿਤੀ ਕਿ ਜੇ ਉਨ੍ਹਾਂ ਨੇ ਉਨ੍ਹਾਂ ਦੇ ਸੂਬੇ ਦੇ ਲੋਕਾਂ ਵਿਰੁਧ ਨਿਜੀ ਹਮਲੇ ਕੀਤੇ ਤਾਂ ਇਸ ਦਾ ਉਨ੍ਹਾਂ ਨੂੰ ਮੂੰਹਤੋੜ ਜਵਾਬ ਮਿਲੇਗਾ।

ਨਾਇਡੂ ਨੇ ਕਿਹਾ, ''ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ ਗੁਜਰਾਤ 'ਚ (2002 ਦੇ ਦੰਗਿਆਂ ਦੌਰਾਨ) ਰਾਜ ਧਰਮ ਦਾ ਪਾਲਣ ਨਹੀਂ ਹੋਇਆ। ਹੁਣ ਆਂਧਰ ਪ੍ਰਦੇਸ਼ 'ਚ ਵੀ ਰਾਜ ਧਰਮ ਨਹੀਂ ਨਿਭਾਇਆ ਗਿਆ। ਸਾਨੂੰ ਉਹ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਜੋ ਜਾਇਜ਼ ਤੌਰ 'ਤੇ ਸਾਡਾ ਹੈ।'' 
ਨਾਇਡੂ ਦਾ ਇਕ ਦਿਨ ਦਾ ਵਰਤ ਸਵੇਰ ਅੱਠ ਵਜੇ ਸ਼ੁਰੂ ਹੋਇਆ ਸੀ। ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਨੇ ਉਨ੍ਹਾਂ ਨੂੰ ਜੂਸ ਪਿਲਾ ਕੇ ਰਾਤ 9 ਵਜੇ ਭੁੱਖ ਹੜਤਾਲ ਖ਼ਤਮ ਕਰਵਾਈ।

ਉਹ 12 ਫ਼ਰਵਰੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇਕ ਮੰਗ ਪੱਤਰ ਵੀ ਸੌਂਪਣਗੇ। ਨਾਇਡੂ ਨੇ ਭੁੱਖ ਹੜਤਾਲ 'ਤੇ ਬੈਠਣ ਤੋਂ ਪਹਿਲਾਂ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਅਤੇ ਆਂਧਰ ਪ੍ਰਦੇਸ਼ ਭਵਨ 'ਚ ਅੰਬੇਡਕਰ ਦੀ ਮੂਰਤੀ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ।  (ਪੀਟੀਆਈ)