ਕਰਤਾਰਪੁਰ ਸਾਹਿਬ ਜਾਣ ਲਈ ਡੇਰਾ ਬਾਬਾ ਨਾਨਕ ਚੌਕੀ ਨੂੰ ਇਮੀਗਰੇਸ਼ਨ ਕੇਂਦਰ ਬਣਾਇਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰਾਲਾ ਨੇ ਪਾਕਿਸਤਾਨ ਸਥਿਤ ਕਰਤਾਰਪੁਰ ਗੁਰਦਵਾਰਾ ਸਾਹਿਬ ਜਾਣ ਲਈ ਡੇਰਾ ਬਾਬਾ ਨਾਨਕ ਚੌਕੀ ਨੂੰ ਸੋਮਵਾਰ ਨੂੰ.....

Shri Kartarpur Sahib

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲਾ ਨੇ ਪਾਕਿਸਤਾਨ ਸਥਿਤ ਕਰਤਾਰਪੁਰ ਗੁਰਦਵਾਰਾ ਸਾਹਿਬ ਜਾਣ ਲਈ ਡੇਰਾ ਬਾਬਾ ਨਾਨਕ ਚੌਕੀ ਨੂੰ ਸੋਮਵਾਰ ਨੂੰ ਇਮੀਗਰੇਸ਼ਨ ਜਾਂਚ ਕੇਂਦਰ ਦੇ ਰੂਪ 'ਚ ਥਾਪ ਦਿਤਾ ਹੈ। ਇਹ ਚੌਕੀ ਹੁਣ ਕਰਤਾਰਪੁਰ ਲਈ ਨਿਕਾਸ ਅਤੇ ਦਾਖ਼ਲਾ ਬਿੰਦੂ ਵਜੋਂ ਕੰਮ ਕਰੇਗੀ। ਮੰਤਰਾਲੇ ਨੇ ਇਕ ਨੋਟੀਫ਼ੀਕੇਸ਼ਨ 'ਚ ਕਿਹਾ ਕਿ ਜਾਇਜ਼ ਯਾਤਰਾ ਦਸਤਾਵੇਜ਼ਾਂ ਨਾਲ ਕੋਈ ਵੀ ਵਿਅਕਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹਾ ਸਥਿਤ ਇਸ ਚੌਕੀ ਜ਼ਰੀਏ ਆ ਜਾਂ ਜਾ ਸਕਦਾ ਹੈ। ਕਰਤਾਰਪੁਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲ੍ਹੇ ਦੇ ਸ਼ਕਰਗੜ੍ਹ 'ਚ ਸਥਿਤ ਹੈ

ਜਿੱਥੇ ਗੁਰੂ ਨਾਨਕ ਦੇਵ ਜੀ ਨੇ ਅਪਣੀ ਜ਼ਿੰਦਗੀ ਦੇ 18 ਸਾਲ ਗੁਜ਼ਾਰੇ ਸਨ। ਕਰਤਾਰਪੁਰ ਸਾਹਿਬ ਗੁਰਦਵਾਰਾ ਪਾਕਿਸਤਾਨ 'ਚ ਸਰਹੱਦ ਤੋਂ ਸਿਰਫ਼ ਤਿੰਨ-ਚਾਰ ਕਿਲੋਮੀਟਰ ਦੂਰ ਰਾਵੀ ਨਦੀ ਦੇ ਕੰਢੇ 'ਤੇ ਸਥਿਤ ਹੈ। ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਪਿਛਲੇ ਸਾਲ 26 ਨਵੰਬਰ ਨੂੰ ਇਕ ਪ੍ਰੋਗਰਾਮ 'ਚ ਗੁਰਦਾਸਪੁਰ ਜ਼ਿਲ੍ਹੇ ਦੇ ਮਾਨ ਪਿੰਡ 'ਚ (ਕੌਮਾਂਤਰੀ ਸਰਹੱਦ ਤਕ) ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਨੀਂਹ ਪੱਥਰ ਰਖਿਆ ਸੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਪਣੇ ਦੇਸ਼ 'ਚ 28 ਨਵੰਬਰ ਨੂੰ ਚਾਰ ਕਿਲੋਮੀਟਰ ਲੰਮੇ ਗਲਿਆਰੇ ਦਾ ਨੀਂਹ ਪੱਥਰ ਰਖਿਆ ਸੀ

ਜਿਸ ਦੇ ਇਸ ਸਾਲ ਪੂਰਾ ਹੋਣ ਦੀ ਉਮੀਦ ਹੈ। ਚਿਰ ਉਡੀਕਵਾਂ ਲਾਂਘਾ ਕਰਤਾਰਪੁਰ ਗੁਰਦਵਾਰੇ ਨੂੰ ਭਾਰਤ ਦੇ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਲਕ ਨਾਲ ਜੋੜੇਗਾ ਅਤੇ ਭਾਰਤੀ ਸਿੱਖ ਸ਼ਰਧਾਲੂਆਂ  ਨੂੰ ਵੀਜ਼ਾ ਮੁਕਤ ਆਉਣ ਜਾਣ ਮੁਹੱਈਆ ਕਰਵਾਏਗਾ। ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਸਿਰਫ਼ ਪਰਮਿਟ ਹਾਸਲ ਕਰਨਾ ਹੋਵੇਗਾ। ਕਰਤਾਰਪੁਰ ਸਾਹਿਬ ਦੀ ਸਥਾਪਨਾ 1522 'ਚ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। (ਪੀਟੀਆਈ)