ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਐਲਾਨ, ਮੰਗਾਂ ਮੰਨੇ ਜਾਣ ਤਕ ਚੱਲੇਗਾ 'ਕਿਸਾਨੀ ਅੰਦੋਲਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਕਿਸਾਨਾਂ ਦੇ ਸਾਰੇ ਮਸਲਿਆਂ ਦਾ ਹੱਲ ਹੋਣ ਬਾਦ ਹੀ ਸਮਾਪਤ ਹੋਵੇਗਾ ਅੰਦੋਲਨ

Rakesh Tikait

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਚੱਲ ਰਿਹਾ ਕਿਸਾਨ ਅੰਦੋਲਨ ਨਵੀਆਂ ਬੁਲੰਦੀਆਂ ਛੁਹਣ ਲੱਗਾ ਹੈ। ਬੀਤੇ ਕੱਲ੍ਹ ਪੰਜਾਬ ਦੇ ਬਰਨਾਲਾ ਜਿਲ੍ਹੇ ਅੰਦਰ ਹੋਈ ਮਹਾਪੰਚਾਇਤ ਨੇ ਇਸ ਦੇ ਲੋਕ ਅੰਦੋਲਨ ਹੋਣ 'ਤੇ ਮੋਹਰ ਲਾ ਦਿੱਤੀ ਹੈ। ਪੰਜਾਬ ਦੇ ਕੋਨੇ ਕੋਨੇ ਤੋਂ ਲੋਕਾਂ ਦੀ ਸ਼ਮੂਲੀਅਤ ਨੇ ਕੇਂਦਰ ਸਰਕਾਰ ਖਿਲਾਫ ਸਮੂਹ ਲੋਕਾਈ ਅੰਦਰ ਪਾਈ ਜਾ ਰਹੀ ਨਰਾਜਗੀ ਦਾ ਪ੍ਰਗਟਾਵਾ ਕਰ ਦਿਤਾ ਹੈ।

ਇਸੇ ਦੌਰਾਨ ਕਿਸਾਨ ਆਗੂਆਂ ਨੇ ਵੀ ਸੰਘਰਸ਼ ਨੂੰ ਟੀਚਿਆਂ ਦੀ ਪ੍ਰਾਪਤੀ ਤਕ ਚਲਾਏਮਾਨ ਕਰਨ ਦੀ ਵਿਉਂਤਬੰਦੀ ਆਰੰਭ ਦਿਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਿਹਾ ਕਿਸਾਨ ਅਦੋਲਨ ਅਣਮਿੱਥੇ ਸਮੇਂ ਲਈ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਰਾਕੇਸ਼ ਟਿਕੈਤ ਦੇ ਨਵੇਂ ਐਲਾਨ ਮੁਤਾਬਕ ਅੰਦੋਲਨ ਦੀ ਸਮਾਂ ਸੀਮਾਂ ਨੂੰ ਲੈ ਕੇ ਜਥੇਬੰਦੀਆਂ ਨੇ ਕੋਈ ਯੋਜਨਾ ਨਹੀਂ ਬਣਾਈ।

ਕਾਬਲੇਗੌਰ ਹੈ ਕਿ  ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਸਰਕਾਰ ਨੂੰ 2 ਅਕਤੂਬਰ ਤਕ ਦਾ ਅਲਟੀਮੇਟਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਸ਼ਾਇਦ ਅਕਤੂਬਰ ਤਕ ਚੱਲ ਸਕਦਾ ਹੈ। ਉਨ੍ਹਾਂ ਇਹ ਗੱਲ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਗੁਰਨਾਮ ਸਿੰਘ ਚੜੂਨੀ ਦੇ ਬਿਆਨ 'ਤੇ ਕਹੀ, 'ਜਿਸ 'ਚ ਉਨ੍ਹਾਂ ਕਿਹਾ ਸੀ ਕਿਸਾਨਾਂ ਦਾ ਪ੍ਰਦਰਸ਼ਨ ਅਕਤੂਬਰ ਤਕ ਚੱਲੇਗਾ।'

ਉਨ੍ਹਾਂ ਕਿਹਾ ਹਰ ਸਾਲ 2 ਅਕਤੂਬਰ ਨੂੰ ਗਾਜ਼ੀਪੁਰ ਬਾਰਡਰ 'ਤੇ ਕਿਸਾਨ ਪ੍ਰਦਰਸ਼ਨ ਕਰਨਗੇ। ਕਿਸਾਨਾਂ 'ਤੇ ਅੱਥਰੂ ਗੈਸ ਤੇ ਗੋਲੀਆਂ ਚਲਾਈਆਂ ਗਈਆਂ। ਅਸੀਂ ਹੁਣ ਹਰ ਸਾਲ ਗਾਜ਼ੀਪਰੁਰ ਬਾਰਡਰ 'ਤੇ ਸਮਾਗਮ ਕਰਵਾਇਆ ਕਰਾਂਗੇ।

ਦੂਜੇ ਪਾਸੇ ਰਾਕੇਸ਼ ਟਿਕੈਤ ਦੇ ਅੰਦੋਲਨ ਦੀ ਸਮਾਂ ਸੀਮਾ ਬਾਰੇ ਬਿਆਨ ਦੇਣ ਤੋਂ ਬਾਅਦ ਮੋਰਚੇ ਅੰਦਰ ਆਵਾਜ਼ਾਂ ਉਠਣ ਦੀਆਂ ਕਨਸੋਆ ਵੀ ਸਾਹਮਣੇ ਆਉਣ ਲੱਗੀਆਂ ਸਨ। ਰਾਕੇਸ਼ ਟਿਕੈਤ ਵਲੋਂ ਅੰਦੋਲਨ ਦੇ ਅਣਮਿਥੇ ਸਮੇਂ ਲਈ ਚੱਲਣ ਦੇ ਨਵੇਂ ਐਲਾਨ ਬਾਅਦ ਅਜਿਹੀਆਂ ਕਿਆਸ-ਅਰਾਈਆਂ ਨੂੰ ਵਿਰਾਮ ਲੱਗਣ ਦੇ ਨਾਲ ਨਾਲ ਅੰਦੋਲਨ ਲੰਮੇਰਾ ਚੱਲਣ ਸਬੰਧੀ ਰੂਪ-ਰੇਖਾ ਉਲੀਕਣ ਨੂੰ ਵੀ ਬਲ ਮਿਲੇਗਾ।