ਰਿਕਸ਼ਾ ਚਾਲਕ ਦੀ ਧੀ ਨੇ ਜਿੱਤਿਆ Miss India ਪਹਿਲੀ ਰਨਰਅੱਪ ਦਾ ਖ਼ਿਤਾਬ
ਖ਼ਿਤਾਬ ਜਿੱਤਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਨ ਲੱਗੀ ਮਾਨਿਆ ਸਿੰਘ
ਨਵੀਂ ਦਿੱਲੀ: ਬੀਤੇ ਦਿਨ ਫੈਮਿਨਾ ਮਿਸ ਇੰਡੀਆ 2020 ਦੇ ਨਤੀਜੇ ਸਾਹਮਣੇ ਆਏ। ਇਸ ਦੌਰਾਨ ਤੇਲੰਗਾਨਾ ਦੀ ਮਨਸਾ ਵਾਰਾਣਸੀ ਨੇ ਵੀਐਲਸੀਸੀ ਮਿਸ ਇੰਡੀਆ 2020 ਦਾ ਖ਼ਿਤਾਬ ਜਿੱਤਿਆ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਦੀ ਮਾਨਿਆ ਸਿੰਘ ਪਹਿਲੀ ਰਨਰਅੱਪ ਅਤੇ ਮਨਿਕਾ ਸ਼ਿਓਕਾਂਡ ਦੂਜੀ ਰਨਰਅੱਪ ਰਹੀ।
ਖ਼ਿਤਾਬ ਜਿੱਤਣ ਤੋਂ ਬਾਅਦ ਮਾਨਿਆ ਸਿੰਘ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਨ ਲੱਗੀ। ਦਰਅਸਲ ਮਾਨਿਆ ਦੀ ਕਹਾਣੀ ਬਹੁਤ ਵੱਖਰੀ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਅਪਣੇ ਫੈਨਜ਼ ਨਾਲ ਅਪਣੀ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ ਸਾਂਝੀ ਕੀਤੀ।
ਫੈਮਿਨਾ ਮਿਸ ਇੰਡੀਆ ਦੀ ਪਹਿਲੀ ਰਨਰਅੱਪ ਮਾਨਿਆ ਸਿੰਘ ਦੀਆਂ ਪੁਰਾਣੀਆਂ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਮਾਨਿਆ ਦੇ ਪਰਿਵਾਰ ਦੀਆਂ ਵੀ ਕਈ ਤਸਵੀਰਾਂ ਸਾਹਮਣੇ ਆਈਆਂ। ਇਕ ਵੀਡੀਓ ਵਿਚ ਮਾਨਿਆ ਸੜਕ ‘ਤੇ ਹੀਲ ਪਾ ਕੇ ਰੈਂਪ ਵਾਕ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਸਾਂਝੀ ਕਰਦਿਆਂ ਮਾਨਿਆ ਨੇ ਲਿਖਿਆ ‘ਕੋਇਲਾ ਕਿਵੇਂ ਹੀਰਾ ਬਣਿਆ’।
ਮਾਨਿਆ ਦੇ ਇਸ ਵੀਡੀਓ ਨੂੰ ਲੋਕ ਕਾਫੀ ਸ਼ੇਅਰ ਕਰ ਰਹੇ ਹਨ। ਦੱਸ ਦਈਏ ਕਿ ਮਾਨਿਆ ਸਿੰਘ ਇਕ ਰਿਕਸ਼ਾ ਚਾਲਕ ਦੀ ਬੇਟੀ ਹੈ। ਉਹਨਾਂ ਦਾ ਸਫ਼ਰ ਕਾਫੀ ਮੁਸ਼ਕਿਲਾਂ ਭਰਿਆ ਸੀ। ਮਾਨਿਆ ਦਾ ਕਹਿਣਾ ਹੈ ਕਿ ਉਸ ਦੀ ਇਸ ਪ੍ਰਾਪਤੀ ਪਿੱਛੇ ਉਸ ਦੇ ਪਰਿਵਾਰ ਦਾ ਹੱਥ ਹੈ।