ਰਾਜ ਸਭਾ ‘ਚ ਬੋਲੇ ਵਿੱਤ ਮੰਤਰੀ, ਕੁਝ ਲੋਕਾਂ ਦੀ ਦੋਸ਼ ਲਗਾਉਣ ਦੀ ਆਦਤ ਬਣ ਗਈ ਹੈ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਿਰਮਲਾ ਸੀਤਾਰਮਨ ਨੇ ਰਾਜ ਸਭਾ ’ਚ ਬਜਟ ‘ਤੇ ਚਰਚਾ ਦਾ ਦਿੱਤਾ ਜਵਾਬ

Nirmala Sitharaman

ਨਵੀਂ ਦਿੱਲੀ: ਰਾਜ ਸਭਾ ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ’ਤੇ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਬਜਟ ਆਤਮ ਨਿਰਭਰ ਭਾਰਤ ਲਈ ਹੈ। ਇਹ ਬਜਟ ਅਜਿਹਾ ਹੈ, ਜੋ ਸਪੱਸ਼ਟ ਤੌਰ ‘ਤੇ ਤਜ਼ੁਰਬੇ ਅਤੇ ਪ੍ਰਬੰਧਕੀ ਯੋਗਤਾ ਨੂੰ ਦਰਸਾਉਂਦਾ ਹੈ।

ਉਹਨਾਂ ਦੱਸਿਆ ਕਿ ਪੀਐਮ ਆਵਾਸ ਯੋਜਨਾ ਦੇ ਤਹਿਤ 1.67 ਕਰੋੜ ਤੋ ਜ਼ਿਆਦਾ ਘਰਾਂ ਦਾ ਨਿਰਮਾਣ ਹੋਇਆ ਹੈ। ਨਿਰਮਲਾ ਸੀਤਾਰਮਨ ਨੇ ਸਵਾਲ ਕੀਤਾ ਕੀ ਇਹ ਅਮੀਰਾਂ ਲਈ ਹੈ? 17 ਅਕਤੂਬਰ ਤੋਂ ਬਾਅਦ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 2.67 ਤੋਂ ਜ਼ਿਆਦਾ ਘਰਾਂ ਦਾ ਬਿਜਲੀਕਰਨ ਕੀਤਾ ਗਿਆ।

ਵਿੱਤ ਮੰਤਰੀ ਨੇ ਕਿਹਾ ਕਿ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਇਆ ਗਿਆ, 8 ਕਰੋੜ ਲੋਕਾਂ ਨੂੰ ਮੁਫ਼ਤ ਰਸੋਈ ਗੈਸ ਮੁਹੱਈਆ ਕਰਵਾਈ ਗਈ ਅਤੇ 40 ਕਰੋੜ ਲੋਕਾਂ, ਕਿਸਾਨਾਂ, ਔਰਤਾਂ, ਅਪਾਹਜਾਂ, ਗਰੀਬਾਂ ਅਤੇ ਲੋੜਵੰਦਾਂ ਨੂੰ ਨਕਦ ਰਾਸ਼ੀ ਦਿੱਤੀ ਗਈ। ਵਿਰੋਧੀ ਧਿਰਾਂ ਨੂੰ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਕੁਝ ਲੋਕਾਂ ਦੀ ਲਗਾਤਾਰ ਦੋਸ਼ ਲਗਾਉਣ ਦੀ ਆਦਤ ਬਣ ਗਈ ਹੈ।

ਨਿਰਮਲਾ ਸੀਤਾਰਮਨ ਨੇ ਕਿਹਾ ਅਸੀਂ ਗਰੀਬਾਂ ਲਈ ਕਿੰਨਾ ਵੀ ਕਰੀਏ, ਉਹਨਾਂ ਦੀ ਮਦਦ ਲਈ ਕਿੰਨੇ ਵੀ ਕਦਮ ਚੁੱਕੀਏ,ਇਕ ਝੂਠੀ ਵਿਚਾਰਧਾਰਾ ਫੈਲਾਈ ਜਾ ਰਹੀ ਹੈ ਕਿ ਸਰਕਾਰ ਸਿਰਫ਼ ਪੂੰਜੀਪਤੀਆਂ ਲਈ ਕੰਮ ਕਰਦੀ ਹੈ।