ਹੁਣ ਜਾਂ ਮੋਦੀ ਸਰਕਾਰ ਹੀ ਰਹੇਗੀ ਜਾਂ ਖੇਤੀ ਕਾਨੂੰਨ ਹੀ ਰਹਿਣਗੇ, ਦੋਵਾਂ ਚੋਂ ਇੱਕ ਹੀ ਰਹੇਗਾ: ਯੁਧਵੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਅੰਦੋਲਨ ਨੂੰ ਲੈ ਕੇ ਅੱਜ ਸ਼ੁਕਰਵਾਰ ਨੂੰ ਬਹਾਦੁਰਗੜ੍ਹ...

Yudhvir Singh

ਨਵੀਂ ਦਿੱਲੀ (ਸੁਰਖ਼ਾਬ ਚੰਨ): ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਅੰਦੋਲਨ ਨੂੰ ਲੈ ਕੇ ਅੱਜ ਸ਼ੁਕਰਵਾਰ ਨੂੰ ਬਹਾਦੁਰਗੜ੍ਹ ਦੀ ਵੱਡੀ ਮਹਾਂਪੰਚਾਇਤ ਹੋ ਰਹੀ ਹੈ। ਬਹਾਦੁਰਗੜ੍ਹ ਵਿਚ ਬਾਈਪਾਸ ਉਤੇ ਟਰੈਕਟਰ-ਟਰਾਲੀਆਂ ਦਾ ਵੱਡਾ ਇਕੱਠ ਹੈ ਉਥੇ ਹੀ ਮਹਾਂਪੰਚਾਇਤ ਦੇ ਲਈ ਵੱਡਾ ਮੰਚ ਲਗਾਇਆ ਗਿਆ ਹੈ। ਇਸ ਮਹਾਂਪੰਚਾਇਤ ਵਿਚ ਰਾਕੇਸ਼ ਟਿਕੈਤ ਅਤੇ ਗੁਰਨਾਮ ਸਮੇਤ ਕਈਂ ਵੱਡੇ ਕਿਸਾਨ ਆਗੂ ਪਹੁੰਚੇ ਹੋਏ ਹਨ।

ਉਥੇ ਹੀ ਮੰਚ ‘ਤੇ ਕਿਸਾਨ ਆਗੂ ਯੁਧਵੀਰ ਨਾਲ ਗੱਲਬਾਤ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਇਕੱਠ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਪੂਰੇ ਦੇਸ਼ ਦਾ ਬੱਚਾ-ਬੱਚਾ ਮੋਦੀ ਦੇ ਤਿੰਨੋਂ ਕਾਨੂੰਨਾਂ ਖਿਲਾਫ਼ ਖੜ੍ਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਾਂ ਮੋਦੀ ਸਰਕਾਰ ਰਹੇਗੀ ਜਾਂ ਖੇਤੀ ਦੇ ਕਾਨੂੰਨ ਰਹਿਣਗੇ ਦੋਨੋਂ ਵਿਚੋਂ ਇੱਕ ਹੀ ਰਹੇਗਾ, ਇਸਨੂੰ ਲੈ ਕੇ ਸਰਕਾਰ ਆਪਣਾ ਫ਼ੈਸਲਾ ਆਪ ਕਰੇ।

ਉਨ੍ਹਾਂ ਕਿਹਾ ਕਿ ਇਹ ਮਹਾਂਪੰਚਾਇਤਾਂ ਪੰਜਾਬ-ਹਰਿਆਣਾ ਤੋਂ ਹੁੰਦੇ ਹੋਏ ਰਾਜਸਥਾਨ, ਯੂਪੀ, ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਾਵੇਗਾ, ਇਸਤੋਂ ਬਾਅਦ ਆਸਾਮ, ਅਰੁਣਾਚਲ ਪ੍ਰਦੇਸ਼, ਤੋਂ ਘੰਮ ਕੇ ਦੇਸ਼ ਦੇ ਕਿਸਾਨਾਂ ਨੂੰ ਇੱਕ ਥਾਂ ਖੜ੍ਹਾ ਕਰਾਂਗੇ, ਇਹ ਸਾਡਾ ਸੰਕਲਪ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੂੰਜੀਪਤੀਆਂ ਦਾ ਖਿਡੌਣਾ ਹੈ ਜੋ ਜਾਣਬੂਝ ਕੇ ਖੇਤੀ ਕਾਨੂੰਨਾਂ ਦੇ ਝੂਠੇ ਫ਼ਾਇਦੇ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਪਰ ਹੁਣ ਮੋਦੀ ਸਰਕਾਰ ਦੀ ਗੱਲ ਕੋਈ ਨਹੀਂ ਸੁਣ ਰਿਹਾ।

ਉਨ੍ਹਾਂ ਕਿਹਾ ਕਿ ਲੋਕ ਮੋਦੀ ਸਰਕਾਰ ਦੀ ਸਾਜਿਸ਼ ਨੂੰ ਸਮਝ ਚੁੱਕੇ ਹਨ ਕਿਉਂਕਿ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਇਹ ਪੂੰਜੀਪਤੀਆਂ ਨਾਲ ਮਿਲੀ ਹੋਈ ਸਰਕਾਰ ਹੈ ਅਤੇ ਲੋਕ ਹੁਣ ਇਨ੍ਹਾਂ ਦੀਆਂ ਝੁੱਠੀਆਂ ਗੱਲਾਂ ਵਿਚ ਆਉਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਚਾਹੇ ਹੁਣ ਕੁਝ ਵੀ ਕਹਿ ਕੇ ਦੇਖ ਲਵੇ ਪਰ ਇਹ ਅੰਦੋਲਨ ਦਿਨ ਤੋਂ ਦਿਨ ਵਧਦਾ ਹੀ ਜਾਵੇਗਾ ਤੇ ਘਟੇਗਾ ਨਹੀਂ। ਉਨ੍ਹਾਂ ਕਿਹਾ ਕਿ ਬੀਐਨਐਲ ਨੂੰ ਅੰਬਾਨੀ ਦੇ ਜੀਓ ਨੇ ਖਾ ਲਿਆ ਅਤੇ ਹਿਮਾਚਲ ਵਿਚ ਵੀ ਇਨ੍ਹਾਂ ਦਾ ਹੀ ਸਿੱਕਾ ਚਲਦਾ ਹੈ।

ਉਨ੍ਹਾਂ ਕਿਹਾ ਕਿ ਜਿਵੇਂ ਹੀ ਅੰਬਾਨੀ, ਅਡਾਨੀ ਇਸ ਸਰਕਲ ਵਿਚ ਆ ਜਾਣਗੇ ਤਾਂ ਦੇਸ਼ ਦੀਆਂ ਮੰਡੀਆਂ ਤੋਂ ਲੈ ਕੇ ਸਭ ਕੁਝ ਖਤਮ ਹੋ ਜਾਵੇਗਾ। ਇਸਦੇ ਨਾਲ ਉਨ੍ਹਾਂ ਕਿਹਾ ਕਿ ਮੋਦੀ ਐਮਐਸਪੀ ਦੇ ਨਾਂ ‘ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਕਿ ਐਮਐਸਪੀ ਸੀ, ਐਮਐਸਪੀ ਹੈ, ਐਮਐਸਪੀ ਰਹੇਗੀ, ਪਰ ਮਸਲਾ ਇਹ ਨਹੀਂ ਕਿਉਂਕਿ ਸਰਕਾਰ ਨੂੰ ਲੋਕਾਂ ਨੂੰ ਗਾਰੰਟੀ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਐਮਐਸਪੀ ‘ਤੇ ਖਰੀਦਿਆ ਜਾਵੇਗਾ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਿਸਾਨਾਂ ਨੂੰ ਕੋਰਟ ਵਿਚ ਜਾਣ ਦਾ ਅਧਿਕਾਰ ਹੋਣਾ ਚਾਹੀਦਾ ਹੈ।