ਲਾਲੂ ਪ੍ਰਸਾਦ ਦੀਆਂ ਵਧੀਆਂ ਮੁਸ਼ਕਲਾਂ, ਨਹੀਂ ਮਿਲੀ ਜ਼ਮਾਨਤ, ਅਗਲੀ ਸੁਣਵਾਈ 19 ਨੂੰ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਦੇਸ਼ ਦੀ ਕਾਪੀ ਕੋਰਟ ’ਚ ਸੋਮਵਾਰ ਤਕ ਜਮ੍ਹਾਂ ਕਰਵਾਉਣ ਦਾ ਦਿਤਾ ਨਿਰਦੇਸ਼

Lalu Prasad

ਰਾਂਚੀ : ਚਾਰਾ ਘੋਟਾਲੇ ’ਚ ਸਜ਼ਾ ਕੱਟ ਰਹੇ ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਤੋਂ ਸ਼ੁਕਰਵਾਰ ਨੂੰ ਜ਼ਮਾਨਤ ਨਹੀਂ ਮਿਲੀ। ਅਦਾਲਤ ਨੇ ਇਸ ਮਾਮਲੇ ’ਚ ਦੋਹਾਂ ਧਿਰਾਂ ਨੂੰ ਕਸਟਡੀ ਦੀ ਮਿਆਦ ਦੇ ਤਸਦੀਕੀ ਆਦੇਸ਼ ਦੀ ਕਾਪੀ ਕੋਰਟ ’ਚ ਦਾਖ਼ਲ ਕਰਨ ਦਾ ਨਿਰਦੇਸ਼ ਦਿਤਾ ਹੈ। ਲਾਲੂ ਪ੍ਰਸਾਦ ਵਲੋਂ ਜਿਸ ਮਿਆਦ ਨੂੰ ਕਸਟਡੀ ’ਚ ਰਹਿਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਸ ਦਾ ਸੀਬੀਆਈ ਵਿਰੋਧ ਕਰ ਰਹੀ ਹੈ।

ਇਸ ਲਈ ਅਦਾਲਤ ਨੇ ਉਸ ਮਿਆਦ ਨਾਲ ਸਬੰਧਤ ਹੇਠਲੀ ਅਦਾਲਤ ਦੇ ਆਦੇਸ਼ ਦੀ ਕਾਪੀ ਕੋਰਟ ’ਚ ਸੋਮਵਾਰ ਤਕ ਜਮ੍ਹਾਂ ਕਰਵਾਉਣ ਦਾ ਨਿਰਦੇਸ਼ ਦਿਤਾ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਅਗਲੇ ਸ਼ੁਕਰਵਾਰ (19 ਫ਼ਰਵਰੀ) ਨੂੰ ਤੈਅ ਕੀਤੀ ਹੈ। 

ਦਸਣਯੋਗ ਹੈ ਕਿ ਲਾਲੂ ਪ੍ਰਸਾਦ ਵਲੋਂ ਬੀਮਾਰੀ ਤੇ ਅੱਧੀ ਸਜ਼ਾ ਦੀ ਮਿਆਦ ਪੂਰੀ ਕਰਨ ਦਾ ਹਵਾਲਾ ਦਿੰਦੇ ਹੋਏ ਦੁਮਕਾ ਖ਼ਜ਼ਾਨਾ ਮਾਮਲੇ ’ਚ ਜ਼ਮਾਨਤ ਦੇਣ ਦੀ ਅਪੀਲ ਕੀਤੀ ਹੈ। ਫਿਲਹਾਲ ਲਾਲੂ ਪ੍ਰਸਾਦ ਦਾ ਇਲਾਜ ਦਿੱਲੀ ਸਥਿਤ ਏਮਜ਼ ’ਚ ਚੱਲ ਰਿਹਾ ਹੈ।