Operation Dost Video: ਤੁਰਕੀ ਵਿਚ ਭੂਚਾਲ ਦੌਰਾਨ ਫੌਜੀਆਂ ਨੇ ਸ਼ਾਨ ਨਾਲ ਲਹਿਰਾਇਆ ਭਾਰਤੀ ਤਿਰੰਗਾ  

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੌਰਾਨ ਉੱਥੇ ਮਦਦ ਕਰ ਰਹੀ ਭਾਰਤੀ ਟੀਮ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।

Operation Dost Video: During the earthquake in Turkey, soldiers proudly hoisted the Indian tricolor

ਅੰਕਾਰਾ - ਤੁਰਕੀ ਅਤੇ ਸੀਰੀਆ ਵਿਚ ਸੋਮਵਾਰ ਸਵੇਰੇ ਆਏ 7.8 ਤੀਬਰਤਾ ਵਾਲੇ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 25,000 ਨੂੰ ਪਾਰ ਕਰ ਗਈ ਹੈ। ਹਰ ਪਾਸੇ ਤਬਾਹੀ ਦਾ ਮਾਹੌਲ ਹੈ ਅਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਉੱਥੇ ਮਦਦ ਕਰ ਰਹੀ ਭਾਰਤੀ ਟੀਮ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।

ਭਾਰਤੀ ਫੌਜ ਨੇ ਇੱਥੇ ਹੇਤੇ ਸੂਬੇ ਵਿਚ ਸਥਿਤ ਇੱਕ ਸਕੂਲ ਦੀ ਇਮਾਰਤ ਵਿੱਚ ਜ਼ਖਮੀਆਂ ਦੇ ਇਲਾਜ ਲਈ ਇੱਕ ਫੀਲਡ ਹਸਪਤਾਲ ਬਣਾਇਆ ਹੈ। ਭਾਰਤੀ ਜਵਾਨਾਂ ਨੇ ਸ਼ਨੀਵਾਰ ਨੂੰ ਇਸ ਫੀਲਡ ਹਸਪਤਾਲ 'ਚ ਤਿਰੰਗਾ ਲਹਿਰਾਇਆ, ਜਿਸ ਨੂੰ ਦੇਖ ਕੇ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ। ਦਰਅਸਲ ਭਾਰਤ ਨੇ ਭੂਚਾਲ ਦੀ ਤ੍ਰਾਸਦੀ ਨਾਲ ਜੂਝ ਰਹੇ ਤੁਰਕੀ ਅਤੇ ਸੀਰੀਆ ਦੀ ਮਦਦ ਲਈ 'ਆਪ੍ਰੇਸ਼ਨ ਦੋਸਤ' ਸ਼ੁਰੂ ਕੀਤਾ ਹੈ। ਇਸ ਆਪ੍ਰੇਸ਼ਨ ਦੇ ਤਹਿਤ ਭਾਰਤੀ ਫੌਜ ਨੇ ਹੇਤੇ ਸੂਬੇ 'ਚ 'ਫੀਲਡ' ਹਸਪਤਾਲ ਸਥਾਪਿਤ ਕੀਤਾ ਹੈ।

ਇਸ ਫੀਲਡ ਹਸਪਤਾਲ ਵਿੱਚ ਇੱਕ ਸਰਜਰੀ ਅਤੇ ਐਮਰਜੈਂਸੀ ਵਾਰਡ ਦੇ ਨਾਲ-ਨਾਲ ਇੱਕ ਐਕਸ-ਰੇ ਲੈਬ ਅਤੇ ਮੈਡੀਕਲ ਸਟੋਰ ਹੈ। 60 ਪੈਰਾ ਫੀਲਡ ਹਸਪਤਾਲ ਵਿਚ ਤਾਇਨਾਤ ਸੈਕਿੰਡ-ਇਨ-ਕਮਾਂਡ ਲੈਫਟੀਨੈਂਟ ਕਰਨਲ ਆਦਰਸ਼ ਦਾ ਕਹਿਣਾ ਹੈ, 'ਸਾਨੂੰ ਕੱਲ੍ਹ 350 ਮਰੀਜ਼ ਮਿਲੇ ਹਨ, ਜਦੋਂ ਕਿ ਅੱਜ ਸਵੇਰ ਤੋਂ 200 ਮਰੀਜ਼ਾਂ ਦਾ ਇਲਾਜ ਹੋਇਆ। 

ਬਹੁਤ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਤੁਰਕੀ ਅਤੇ ਸੀਰੀਆ ਦੀ ਮਦਦ ਲਈ ਸ਼ੁਰੂ ਕੀਤਾ ਗਿਆ ਇਹ 'ਆਪ੍ਰੇਸ਼ਨ ਦੋਸਤ' ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਵੀਰਵਾਰ ਨੂੰ ਭਾਰਤੀ ਫੌਜ ਵਲੋਂ ਟਵਿੱਟਰ 'ਤੇ ਸ਼ੇਅਰ ਕੀਤੀ ਗਈ ਇਕ ਤਸਵੀਰ 'ਚ ਵੀ ਇਸ ਗੱਲ ਦਾ ਪਤਾ ਲੱਗਾ ਹੈ, ਜਿਸ 'ਚ ਇਕ ਔਰਤ ਫੀਲਡ ਹਸਪਤਾਲ 'ਚ ਡਿਊਟੀ 'ਤੇ ਮੌਜੂਦ ਫੌਜੀ ਜਵਾਨ ਨੂੰ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ।

 

ਤੁਹਾਨੂੰ ਦੱਸ ਦਈਏ ਕਿ ਭੂਚਾਲ ਤੋਂ ਤੁਰੰਤ ਬਾਅਦ ਭਾਰਤ ਨੇ ਮਦਦ ਦਾ ਹੱਥ ਵਧਾਇਆ ਅਤੇ ਮੰਗਲਵਾਰ ਨੂੰ ਚਾਰ ਫੌਜੀ ਜਹਾਜ਼ਾਂ ਦੁਆਰਾ ਰਾਹਤ ਸਮੱਗਰੀ, ਇੱਕ ਮੋਬਾਈਲ ਹਸਪਤਾਲ, ਖੋਜ ਅਤੇ ਬਚਾਅ ਟੀਮਾਂ ਤੁਰਕੀ ਭੇਜੀਆਂ। ਇਸ ਤੋਂ ਬਾਅਦ ਬੁੱਧਵਾਰ ਨੂੰ ਰਾਹਤ ਸਮੱਗਰੀ ਵੀ ਭੇਜੀ ਗਈ। ਵੀਰਵਾਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟਵਿੱਟਰ 'ਤੇ ਭਾਰਤ ਵੱਲੋਂ ਤੁਰਕੀ 'ਚ ਕੀਤੇ ਗਏ ਰਾਹਤ ਕਾਰਜਾਂ ਦੀ ਜਾਣਕਾਰੀ ਦਿੱਤੀ।

ਉਹਨਾਂ ਕਿਹਾ ਕਿ ਫੌਜ ਨੇ ਤੁਰਕੀ ਦੇ ਹਤਾਏ ਪ੍ਰਾਂਤ ਦੇ ਇਸਕੇਂਡਰੁਨ ਵਿਚ ਇੱਕ ਫੀਲਡ ਹਸਪਤਾਲ ਸਥਾਪਤ ਕੀਤਾ ਹੈ, ਜਿਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਵਿਚ ਮੈਡੀਕਲ, ਸਰਜਰੀ, ਐਮਰਜੈਂਸੀ ਵਾਰਡਾਂ ਦੇ ਨਾਲ-ਨਾਲ ਐਕਸ-ਰੇ ਲੈਬ ਅਤੇ ਮੈਡੀਕਲ ਸਟੋਰ ਹਨ। ਉਨ੍ਹਾਂ ਕਿਹਾ ਕਿ 'ਆਪਰੇਸ਼ਨ ਦੋਸਤ' ਤਹਿਤ ਫੌਜ ਦੀ ਟੀਮ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ 24 ਘੰਟੇ ਕੰਮ ਕਰ ਰਹੀ ਹੈ।