Manish Sisodia Bail: ਮਨੀਸ਼ ਸਿਸੋਦੀਆ ਨੂੰ ਮਿਲੀ ਤਿੰਨ ਦਿਨ ਦੀ ਜ਼ਮਾਨਤ, ਭਤੀਜੀ ਦੇ ਵਿਆਹ ਵਿਚ ਹੋਣਗੇ ਸ਼ਾਮਲ
ਮਨੀਸ਼ ਸਿਸੋਦੀਆ ਨੇ ਆਪਣੀ ਭਤੀਜੀ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਲਖਨਊ ਜਾਣਾ ਹੈ
Manish Sisodia Bail: ਨਵੀਂ ਦਿੱਲੀ - ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਲਗਭਗ ਇੱਕ ਸਾਲ ਬਾਅਦ ਰਾਹਤ ਦੀ ਖ਼ਬਰ ਮਿਲੀ ਹੈ। ਉਹ ਭਲਕੇ ਤਿੰਨ ਦਿਨਾਂ ਲਈ ਜੇਲ੍ਹ ਤੋਂ ਬਾਹਰ ਆਉਣਗੇ। ਅਸਲ ਵਿਚ ਉਹਨਾਂ ਨੂੰ ਆਪਣੀ ਭਤੀਜੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਜ਼ਮਾਨਤ ਮਿਲੀ ਹੈ। ਸਿਸੋਦੀਆ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਤੋਂ ਜ਼ਮਾਨਤ ਮਿਲੀ ਹੈ।
ਮਨੀਸ਼ ਸਿਸੋਦੀਆ ਨੇ ਆਪਣੀ ਭਤੀਜੀ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਲਖਨਊ ਜਾਣਾ ਹੈ। ਉਹ 13 ਤੋਂ 15 ਫਰਵਰੀ ਤੱਕ ਲਖਨਊ ਜਾ ਸਕਣਗੇ। ਭਤੀਜੀ ਦਾ ਵਿਆਹ 14 ਫਰਵਰੀ ਨੂੰ ਹੈ। ਹਾਲਾਂਕਿ ਈਡੀ ਨੇ ਅਦਾਲਤ ਵਿਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀ, ਪਰ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਨੂੰ ਸਵੀਕਾਰ ਕਰ ਲਿਆ ਅਤੇ ਤਿੰਨ ਦਿਨਾਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ।
ਇਸ ਤੋਂ ਪਹਿਲਾਂ ਸਿਸੋਦੀਆ ਨੂੰ ਰਾਊਜ਼ ਐਵੇਨਿਊ ਕੋਰਟ ਤੋਂ ਹੀ ਹਿਰਾਸਤ ਪੈਰੋਲ ਮਿਲੀ ਸੀ। ਇਸ ਮੁਤਾਬਕ ਉਹ ਹਫ਼ਤੇ 'ਚ ਇਕ ਵਾਰ ਆਪਣੀ ਬੀਮਾਰ ਪਤਨੀ ਸੀਮਾ ਸਿਸੋਦੀਆ ਨੂੰ ਮਿਲ ਸਕਦੇ ਹਨ। ਡਾਕਟਰਾਂ ਮੁਤਾਬਕ ਸੀਮਾ ਸਿਸੋਦੀਆ ਪਿਛਲੇ 23 ਸਾਲਾਂ ਤੋਂ ਨਿਊਰੋ ਨਾਲ ਸਬੰਧਤ ਬੀਮਾਰੀ ਮਲਟੀਪਲ ਸਕਲੇਰੋਸਿਸ ਤੋਂ ਪੀੜਤ ਹੈ। ਇਹ ਇੱਕ ਆਟੋਇਮਿਊਨ ਰੋਗ ਹੈ। ਇਸ ਵਿਚ ਮਨ ਹੌਲੀ-ਹੌਲੀ ਸਰੀਰ ਉੱਤੇ ਕਾਬੂ ਗੁਆ ਲੈਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਘਰ 'ਚ ਇਕੱਲੀ ਰਹਿਣ ਕਾਰਨ ਸੀਮਾ ਸਿਸੋਦੀਆ ਦੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਤਣਾਅ ਕਾਰਨ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਹੈ।
(For more Punjabi news apart from 'Manish Sisodia Bail, stay tuned to Rozana Spokesman)