PM Modi: NDA ਨੇ UPA ਦੇ 10 ਸਾਲਾਂ ਦੇ ਮੁਕਾਬਲੇ ਡੇਢ ਗੁਣਾ ਜ਼ਿਆਦਾ ਨੌਕਰੀਆਂ ਪੈਦਾ ਕੀਤੀਆਂ : ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਇਕ ਲੱਖ ਤੋਂ ਵੱਧ ਨੌਜੁਆਨਾਂ ਨੂੰ ਨਿਯੁਕਤੀ ਪੱਤਰ ਵੰਡੇ
PM Modi: ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕੌਮੀ ਲੋਕਤੰਤਰੀ ਗਠਜੋੜ (ਐੱਨ.ਡੀ.ਏ.) ਸਰਕਾਰ ਨੇ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ.ਪੀ.ਏ.) ਸਰਕਾਰ ਦੇ 10 ਸਾਲਾਂ ਦੇ ਮੁਕਾਬਲੇ ਡੇਢ ਗੁਣਾ ਜ਼ਿਆਦਾ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ। ਰੋਜ਼ਗਾਰ ਮੇਲੇ ਤਹਿਤ ਹਾਲ ਹੀ ’ਚ ਭਰਤੀ ਹੋਏ ਇਕ ਲੱਖ ਤੋਂ ਵੱਧ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਵੀਡੀਉ ਕਾਨਫਰੰਸਿੰਗ ਰਾਹੀਂ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਿਛਲੀ ਸਰਕਾਰ ’ਤੇ ਵੀ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਉਸ ਸਮੇਂ ਨੌਕਰੀ ਦੇ ਇਸ਼ਤਿਹਾਰ ਜਾਰੀ ਕਰਨ ਤੋਂ ਲੈ ਕੇ ਨਿਯੁਕਤੀ ਪੱਤਰ ਦੇਣ ਤਕ ਬਹੁਤ ਲੰਮਾ ਸਮਾਂ ਲਗਦਾ ਸੀ ਅਤੇ ਇਸ ਦਾ ਫਾਇਦਾ ਉਠਾਉਣ ’ਚ ‘ਰਿਸ਼ਵਤ ਦੀ ਖੇਡ’ ਵੀ ਭਿਆਨਕ ਸੀ।
ਉਨ੍ਹਾਂ ਕਿਹਾ, ‘‘ਅਸੀਂ ਭਾਰਤ ਸਰਕਾਰ ’ਚ ਭਰਤੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾ ਦਿਤਾ ਹੈ। ਇੰਨਾ ਹੀ ਨਹੀਂ, ਸਰਕਾਰ ਇਸ ਗੱਲ ’ਤੇ ਬਹੁਤ ਜ਼ੋਰ ਦੇ ਰਹੀ ਹੈ ਕਿ ਭਰਤੀ ਪ੍ਰਕਿਰਿਆ ਇਕ ਨਿਸ਼ਚਿਤ ਸਮੇਂ ਦੇ ਅੰਦਰ ਪੂਰੀ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਹਰ ਨੌਜੁਆਨ ਨੂੰ ਅਪਣੀ ਯੋਗਤਾ ਸਾਬਤ ਕਰਨ ਦਾ ਬਰਾਬਰ ਮੌਕਾ ਮਿਲਿਆ ਹੈ।’’
ਉਨ੍ਹਾਂ ਕਿਹਾ, ‘‘ਅੱਜ ਹਰ ਨੌਜੁਆਨ ਦਾ ਮੰਨਣਾ ਹੈ ਕਿ ਉਹ ਮਿਹਨਤ ਅਤੇ ਹੁਨਰ ਨਾਲ ਨੌਕਰੀ ਪ੍ਰਾਪਤ ਕਰ ਸਕਦਾ ਹੈ। ਮੌਜੂਦਾ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਪਿਛਲੇ 10 ਸਾਲਾਂ ’ਚ ਡੇਢ ਗੁਣਾ ਵੱਧ ਨੌਜੁਆਨਾਂ ਨੂੰ ਨੌਕਰੀਆਂ ਦਿਤੀਆਂ ਹਨ।’’ਅੱਜ ਰੋਜ਼ਗਾਰ ਮੇਲੇ ਰਾਹੀਂ ਰੇਲਵੇ ’ਚ ਭਰਤੀ ਕੀਤੇ ਜਾਣ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਯਾਤਰਾ ਦੀ ਗੱਲ ਆਉਂਦੀ ਹੈ ਤਾਂ ਰੇਲਵੇ ਆਮ ਲੋਕਾਂ ਦੀ ਪਹਿਲੀ ਪਸੰਦ ਹੈ। ਮੋਦੀ ਨੇ ਇਸ ਤੱਥ ਵਲ ਧਿਆਨ ਖਿੱਚਿਆ ਕਿ ਭਾਰਤ ’ਚ ਰੇਲਵੇ ਇਕ ਵੱਡੇ ਪੱਧਰ ’ਤੇ ਤਬਦੀਲੀ ’ਚੋਂ ਲੰਘ ਰਿਹਾ ਹੈ ਅਤੇ ਅਗਲੇ ਦਹਾਕੇ ’ਚ ਇਹ ਖੇਤਰ ਪੂਰੀ ਤਰ੍ਹਾਂ ਬਦਲ ਜਾਵੇਗਾ।
ਇਸ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨੇ ਕੌਮੀ ਰਾਜਧਾਨੀ ’ਚ ਏਕੀਕ੍ਰਿਤ ਕਰਮਯੋਗੀ ਭਵਨ ਕੰਪਲੈਕਸ ਦੇ ਪਹਿਲੇ ਪੜਾਅ ਦਾ ਨੀਂਹ ਪੱਥਰ ਵੀ ਰੱਖਿਆ। ਇਸ ਕੰਪਲੈਕਸ ਦਾ ਉਦੇਸ਼ ਮਿਸ਼ਨ ਕਰਮਯੋਗੀ ਦੀਆਂ ਵੱਖ-ਵੱਖ ਸ਼ਾਖਾਵਾਂ ਦਰਮਿਆਨ ਤਾਲਮੇਲ ਅਤੇ ਸਹਿਯੋਗ ਨੂੰ ਉਤਸ਼ਾਹਤ ਕਰਨਾ ਹੈ। ਨਵੇਂ ਭਰਤੀ ਕੀਤੇ ਗਏ ਨੌਜੁਆਨ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਜਿਵੇਂ ਕਿ ਮਾਲ ਵਿਭਾਗ, ਗ੍ਰਹਿ ਮੰਤਰਾਲੇ, ਉੱਚ ਸਿੱਖਿਆ ਵਿਭਾਗ, ਪ੍ਰਮਾਣੂ ਊਰਜਾ ਵਿਭਾਗ, ਰੱਖਿਆ ਮੰਤਰਾਲੇ, ਵਿੱਤੀ ਸੇਵਾਵਾਂ ਵਿਭਾਗ, ਸਿਹਤ ਅਤੇ ਪਰਵਾਰ ਭਲਾਈ ਵਿਭਾਗ, ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਤੇ ਰੇਲਵੇ ਮੰਤਰਾਲੇ ’ਚ ਵੱਖ-ਵੱਖ ਅਹੁਦਿਆਂ ’ਤੇ ਭਰਤੀ ਕਰ ਕੇ ਸਰਕਾਰ ’ਚ ਸ਼ਾਮਲ ਹੋਣਗੇ।