ਦਿੱਲੀ ਦੰਗਿਆਂ 'ਤੇ ਗਰਜੇ ਭਗਵੰਤ ਮਾਨ : ਕਿਹਾ, ਗਿਣੀ-ਮਿਥੀ ਸਾਜ਼ਿਸ਼ ਦਾ ਹਿੱਸਾ ਸਨ ਦੰਗੇ!
ਸਿਆਸੀ ਦਲਾਂ ਦੇ ਭੜਕਾਊਂ ਬਿਆਨਾਂ ਦਾ ਮੁੱਦਾ ਚੁਕਿਆ
ਨਵੀਂ ਦਿੱਲੀ : 1984 ਦੇ ਸਿੱਖ ਦੰਗਿਆਂ ਦੀ ਕਾਲਖ ਦਿੱਲੀ ਦੇ ਚਿਹਰੇ ਉਤੋਂ ਅਜੇ ਪੂਰੀ ਤਰ੍ਹਾਂ ਉਤਰੀ ਵੀ ਨਹੀਂ ਸੀ ਕਿ ਹੁਣ ਬੀਤੇ ਮਹੀਨੇ ਅਜਿਹਾ ਹੀ ਮੰਜ਼ਰ ਇਕ ਵਾਰ ਮੁੜ ਸਾਹਮਣੇ ਆ ਚੁੱਕਾ ਹੈ। ਇਨ੍ਹਾਂ ਦੰਗਿਆਂ ਕਾਰਨ ਦੇਸ਼ ਨੂੰ ਇਕ ਵਾਰ ਫਿਰ ਸ਼ਰਮਿੰਦਾ ਹੋਣਾ ਪਿਆ ਹੈ। 84 ਦੰਗਿਆਂ ਦੇ ਦਾਗ਼ ਤੋਂ ਕਾਂਗਰਸ ਅਜੇ ਖਹਿੜਾ ਨਹੀਂ ਛੁਡਾ ਸਕੀ ਅਤੇ ਹੁਣ ਇਹੀ ਹਾਲ ਭਾਜਪਾ ਦਾ ਹੁੰਦਾ ਦਿਖਾਈ ਦੇ ਰਿਹਾ ਹੈ। ਇਸੇ ਨੂੰ ਲੈ ਕੇ ਬੀਤੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਵਿਧਾਇਕ ਭਗਵੰਤ ਮਾਨ ਨੇ ਮੋਦੀ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ।
ਭਗਵੰਤ ਨੇ ਸੰਸਦ ਵਿਚ ਅਪਣੇ ਭਾਸ਼ਨ ਦੌਰਾਨ ਦਿੱਲੀ ਵਿਚ ਹੋਏ ਤਾਜ਼ਾ ਦੰਗਿਆਂ ਨੂੰ ਇਕ ਗਿਣੀ-ਮਿਥੀ ਸਾਜ਼ਸ਼ ਦਾ ਹਿੱਸਾ ਕਰਾਰ ਦਿਤਾ ਹੈ। ਭਗਵੰਤ ਮਾਨ ਨੇ ਲੋਕ ਸਭਾ ਵਿਚ ਚਰਚਾ 'ਚ ਹਿੱਸਾ ਲੈਂਦਿਆਂ ਕਿਹਾ ਕਿ ਹਿੰਸਾ 'ਚ ਵਰਤੋਂ ਵਿਚ ਲਿਆਂਦੇ ਗਏ ਸਾਰੇ ਪੱਥਰਾਂ ਦਾ ਰੰਗ ਇਕੋ ਜਿਹਾ ਸੀ ਜੋ ਇਨ੍ਹਾਂ ਦੰਗਿਆਂ ਦੇ ਗਿਣੀ-ਮਿਥੀ ਸਾਜ਼ਿਸ਼ ਦਾ ਹਿੱਸਾ ਹੋਣ ਵੱਲ ਸੰਕੇਤ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਦੰਗਿਆਂ ਨੂੰ ਅੰਜ਼ਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਾਹਰੋਂ ਲਿਆ ਕੇ ਇਕ ਸਕੂਲ ਵਿਚ ਠਹਿਰਾਇਆ ਗਿਆ ਸੀ, ਜਿੱਥੋਂ ਉਨ੍ਹਾਂ ਨੇ ਰਾਤ ਸਮੇਂ ਗਿਣੀ-ਮਿਥੀ ਸਾਜ਼ਸ਼ ਤਹਿਤ ਹਿੰਸਕ ਘਟਨਾਵਾਂ ਨੂੰ ਨੇਪਰੇ ਚਾੜਿਆ ਸੀ। ਮਾਨ ਨੇ ਕਿਹਾ ਕਿ ਦਿੱਲੀ ਵਿਚ ਜੋ ਕੁੱਝ ਵੀ ਵਾਪਰਿਆ ਹੈ, ਉਸ ਨੂੰ ਪੂਰੇ ਦੇਸ਼ ਨੇ ਵੇਖਿਆ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਦੰਗੇ ਕਰਵਾਉਣ ਦਾ ਤਜ਼ਰਬਾ ਹੈ। ਇਸ ਤੋਂ ਬਾਅਦ ਸੰਸਦ 'ਚ ਮੌਜੂਦ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ। ਭਗਵੰਤ ਮਾਨ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਸੰਸਦ ਮੈਂਬਰਾਂ ਦੇ ਰੌਲੇ ਨੂੰ ਅਣਗੋਲਿਆ ਕਰਦਿਆਂ ਕਿਹਾ ਕਿ ਵਿਰੋਧੀ ਅਤੇ ਸੱਤਾਧਾਰੀ ਧਿਰ ਇਕ-ਦੂਜੇ ਦੇ ਦੰਗਿਆਂ ਨੂੰ ਗਿਣਾਉਣ 'ਤੇ ਲੱਗੇ ਹੋਏ ਹਨ। ਪਰ ਇਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੰਗੇ ਸਿਰਫ਼ ਦੰਗੇ ਹੀ ਹੁੰਦੇ ਹਨ ਜਿਨ੍ਹਾਂ ਮਰਦਾ ਸਿਰਫ਼ ਆਮ ਇਨਸਾਨ ਹੀ ਹੈ।
ਚਰਚਾ ਦੌਰਾਨ ਭਗਵੰਤ ਮਾਨ ਨੇ ਦਿੱਲੀ ਨੂੰ ਤਿੰਨ ਦਿਨ ਤਕ ਲਾਵਾਰਿਸ ਛੱਡਣ 'ਤੇ ਸਵਾਲ ਉਠਾਉਂਦਿਆਂ ਪੁਲਿਸ ਵਲੋਂ ਕੋਈ ਐਕਸ਼ਨ ਨਾ ਲੈਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਦਿੱਲੀ ਨੂੰ ਤਿੰਨ ਦਿਨ ਲਈ ਲਾਵਾਰਿਸ ਛੱਡਣ ਦੇ ਪਿਛੋਕੜ ਵਿਚ ਜਾਂਦਿਆਂ ਕਿਹਾ ਕਿ 1984 ਦੇ ਦੰਗਿਆਂ ਦੌਰਾਨ ਦਿੱਲੀ ਵਿਚ ਤਿੰਨ ਦਿਨ ਤਕ ਫ਼ੌਜ ਦਾਖ਼ਲ ਨਹੀਂ ਸੀ ਹੋਣ ਦਿਤੀ ਗਈ ਤੇ ਹੁਣ ਤਿੰਨ ਦਿਨ ਤਕ ਪੁਲਿਸ ਖਾਮੋਸ਼ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੰਗਿਆਂ ਵਿਚ ਹਿੰਦੂ ਅਤੇ ਮੁਸਲਮਾਨ ਦੋਵਾਂ ਧਿਰਾਂ ਦਾ ਹੀ ਨੁਕਸਾਨ ਹੋਇਆ ਹੈ। ਦੋਵਾਂ ਧਿਰਾਂ ਦੀ ਹੀ ਦੁਕਾਨਾਂ ਸੜੀਆਂ ਹਨ।
ਉਨ੍ਹਾਂ ਕਿਹਾ ਕਿ ਲੰਘੀਆਂ ਚੋਣਾਂ ਦੌਰਾਨ ਅਸੀਂ ਸਿਰਫ਼ ਔਰਤਾਂ ਦੀ ਸੁਰੱਖਿਆ, ਸਕੂਲਾਂ 'ਚ ਚੰਗੀ ਸਿਖਿਆ, ਬਿਜਲੀ-ਪਾਣੀ ਅਤੇ ਮੁਹੱਲਾ ਕਲੀਨਿਕ ਦੀ ਗੱਲ ਕੀਤੀ ਸੀ ਪਰ ਕੁੱਝ ਲੋਕ 'ਗੋਲੀ ਮਾਰੋ ਸਾਲਿਆਂ ਨੂੰ', ਇਹ 'ਅਤਿਵਾਦੀ' ਹਨ, ਆਦਿ ਵਰਗੇ ਲਕਬਾਂ ਦਾ ਪ੍ਰਯੋਗ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਦੇਸ਼ ਦਾ ਗ੍ਰਹਿ ਮੰਤਰੀ ਕਹਿ ਰਿਹਾ ਸੀ ਕਿ 'ਇੰਨੀ ਜ਼ੋਰ ਦੀ ਬਟਨ ਦਬਾਓ ਕਿ ਕਰੰਟ ਸ਼ਾਹੀਨ ਬਾਗ ਤਕ ਪਹੁੰਚ ਜਾਵੇ'। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਦੇ ਅਜਿਹੇ ਬਿਆਨਾਂ ਨੇ ਹੀ ਬਲਦੀ 'ਤੇ ਘਿਓ ਦਾ ਕੰਮ ਕੀਤਾ ਹੈ ਜਿਸ ਦਾ ਅੰਜ਼ਾਮ ਅੱਜ ਸਭ ਦੇ ਸਾਹਮਣੇ ਹੈ।